- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੰਗਾਈ ਫੈਕਟਰੀਆਂ ਅਤੇ ਟੁੱਟੀ ਸੜਕ ਖਿਲਾਫ ਪਿੰਡ ਵਾਸੀਆਂ ਲਗਾਇਆ ਧਰਨਾ

-ਪਿੰਡ ਨੂੰ ਜਾਂਦੀ ਸੜਕ ਤੇ ਫੈਕਟਰੀਆਂ ਵਾਲਿਆਂ ਦੀ ਐਂਟਰੀ ਕੀਤੀ ਬੰਦ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਪਿੰਡਾਂ ਦੇ ਅੰਦਰ ਲੱਗੀਆਂ ਰੰਗਾਈ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਧੂਏ, ਕੈਮੀਕਲ ਵਾਲੇ ਪਾਣੀ ਤੇ ਹੈਵੀ ਟਰੱਕਾਂ ਦੀ ਆਵਾਜਾਈ ਨਾਲ ਟੁੱਟ ਰਹੀਆਂ ਸੜਕਾਂ ਦੇ ਖਿਲਾਫ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਰਜ਼ੂਲ ਵਾਸੀਆਂ ਨੇ ਕੁਹਾੜਾ ਤੋਂ ਸ਼੍ਰੀ ਮਾਛੀਵਾੜਾ ਸਾਹਿਬ ਨੂੰ ਜਾਂਦੀ ਸੜਕ ’ਤੇ ਧਰਨਾ ਲਾ ਕੇ ਪਿੰਡ ਰਜ਼ੂਲ ਅੰਦਰ ਬਣੀਆਂ ਫੈਕਟਰੀਆਂ ਦੀ ਐਂਟਰੀ ਬੰਦ ਕਰ ਦਿੱਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪਿੰਡ ਵਾਸੀ ਅਮਰਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਵੰਤ ਸਿੰਘ ਸੋਹਣ ਸਿੰਘ, ਸੁਖਦੀਪ ਸਿੰਘ, ਸਨਮਾਨ ਸਿੰਘ, ਮਨਜੋਤ ਸਿੰਘ, ਰਸਪਾਲ ਸਿੰਘ, ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡਾਂ ਅੰਦਰ ਲੱਗ ਰਹੀਆਂ ਫੈਕਟਰੀਆਂ ਨੇ ਸਾਡਾ ਹਵਾ ਪਾਣੀ ਤਾਂ ਦੂਸ਼ਿਤ ਕਰ ਹੀ ਦਿੱਤਾ ਹੈ, ਉਸਦੇ ਨਾਲ ਹੀ ਇਹਨਾਂ ਫੈਕਟਰੀਆਂ ਅੰਦਰ ਆਉਂਦੇ ਵੱਡੇ ਟਰੱਕਾਂ ਨਾਲ ਸਾਡੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਟੁੱਟ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਟਰੱਕ ਫੈਕਟਰੀਆਂ ਦੇ ਅੰਦਰ ਆਉਂਦੇ ਹਨ ਉਹ ਓਵਰਲੋਡ ਹੁੰਦੇ ਹਨ ਅਤੇ ਓਵਰ ਸਪੀਡ ਹੁੰਦੇ ਹਨ ਜਿਸ ਕਰਕੇ ਹਰ ਸਮੇਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਸਾਡੇ ਪਿੰਡ ਦੇ ਤਿੰਨ ਲੋਕਾਂ ਦੀ ਇਸੇ ਸੜਕ ਤੇ ਹਾਦਸੇ ਕਾਰਨ ਮੌਤਾਂ ਹੋ ਚੁੱਕੀਆਂ ਹਨ ਜਦਕਿ ਕਈ ਪਿੰਡ ਵਾਸੀ ਹਾਦਸਿਆਂ ਦਾ ਸ਼ਿਕਾਰ ਬਣ ਚੁੱਕੇ ਹਨ। ਪਿੰਡ ਵਾਸੀਆਂ ਦੀ ਸਮੁੱਚੀ ਮੰਗ ਹੈ ਕਿਸ ਸੜਕ ਨੂੰ ਚੌੜੀ ਕਰਕੇ ਨਵੀਂ ਤਿਆਰ ਕੀਤੀ ਉਸ ਦੇ ਨਾਲ ਹੀ ਪਿੰਡ ਤੱਕ ਸਾਰੀ ਸੜਕ ਦੇ ਉੱਪਰ ਸਟਰੀਟ ਲਾਈਟਾਂ ਲਾਈਆਂ ਜਾਣ ਤੇ ਇਨ੍ਵਾਂ ਫੈਕਟਰੀਆਂ ਵਿੱਚੋਂ ਨਿਕਲਦੇ ਗੰਦੇ ਧੂਏ ਅਤੇ ਪਾਣੀ ’ਤੇ ਕਾਬੂ ਪਾਇਆ ਜਾਵੇ ਕਿਉਂਕਿ ਇਹ ਲੋਕ ਲੱਕੜ ਦੀ ਬਜਾਏ ਪਰਾਲੀ ਸਾੜ ਰਹੇ ਹਨ, ਜਿਸ ਕਰਕੇ ਹਵਾ ਦੂਸ਼ਿਤ ਹੋ ਰਹੀ ਹੈ।
-ਬਾਕਸ-
-ਸਰਕਾਰ ਪੰਜ ਸਾਲ ’ਚ ਸੜਕਾਂ ਰਿਪੇਅਰ ਨਹੀਂ ਕਰ ਸਕੀ : ਢਿੱਲੋਂ
ਪਿੰਡ ਰਜੂਲ ’ਚ ਲੱਗੇ ਲੋਕਾਂ ਦੇ ਧਰਨੇ ਅੰਦਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਯੂਥ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਪਰ ਸਰਕਾਰ ਪਿੰਡਾਂ ਦੀਆਂ ਸੜਕਾਂ ਦੀ ਰਿਪੇਅਰ ਤੱਕ ਨਹੀਂ ਕਰ ਰਹੀ ਜਿਸ ਕਰਕੇ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਹੈ ਕਿਉਂਕਿ ਆਮ ਲੋਕਾਂ ਦੀਆਂ ਟੁੱਟੀਆਂ ਸੜਕਾਂ ਹੋਣ ਕਾਰਨ ਹਾਦਸਿਆਂ ’ਚ ਜਾਨਾਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਇਸ ਸੜਕ ਨੂੰ ਸਰਕਾਰ ਤੁਰੰਤ ਰਿਪੇਅਰ ਕਰਕੇ ਲੋਕਾਂ ਦੀ ਮੰਗ ਨੂੰ ਪ੍ਰਵਾਨ ਕਰੇ।