- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਦੀ ਲੀਡ-ਮਿਕਸ ਲੈਂਡ ਯੂਜ਼ ਇਲਾਕਿਆਂ ਨੂੰ ਸਨਅਤੀ ਖੇਤਰ ਐਲਾਨਣ ਤੱਕ ਸੰਘਰਸ਼ ਜਾਰੀ ਰਹੇਗਾ-ਠੁਕਰਾਲ

-ਇਕ ਸਾਲ ਦੇ ਮਿਆਦ ਵਾਧੇ ਖ਼ਿਲਾਫ਼ ਸਮਾਲ ਸਕੇਲ ਐਸੋਸੀਏਸ਼ਨ ਵੱਲੋਂ ਹਰ ਬੁੱਧਵਾਰ ਨੂੰ ਧਰਨਾ ਦੇਣ ਦਾ ਐਲਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਮਿਕਸ ਲੈਂਡ ਯੂਜ਼ (ਐੱਮਐੱਲਯੂ) ਇਲਾਕਿਆਂ ਵਿੱਚ ਚੱਲ ਰਹੀਆਂ ਸਨਅਤੀ ਇਕਾਈਆਂ ਨੂੰ ਰਾਹਤ ਦਿੰਦਿਆਂ ਇਕ ਸਾਲ ਦੀ ਮਿਆਦ ਵਧਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੇ ਬਾਵਜੂਦ ਸਨਅਤਕਾਰ ਸੰਤੁਸ਼ਟ ਨਹੀਂ ਹਨ। ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮਿਕਸ ਲੈਂਡ ਯੂਜ਼ ਇਲਾਕਿਆਂ ਨੂੰ ਅਧਿਕਾਰਤ ਤੌਰ ’ਤੇ ਸਨਅਤੀ ਖੇਤਰ ਐਲਾਨਿਆ ਨਹੀਂ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੰਗ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਹਰ ਬੁੱਧਵਾਰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸੇ ਲੜੀ ਤਹਿਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਅਗਵਾਈ ਹੇਠ ਧਰਨਾ ਦੇ ਕੇ ਸਰਕਾਰ ਤੋਂ ਮਿਕਸ ਲੈਂਡ ਯੂਜ਼ ਇਲਾਕਿਆਂ ’ਚ ਚੱਲ ਰਹੀਆਂ ਸਨਅਤੀ ਇਕਾਈਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਮੰਗ ਕੀਤੀ। ਧਰਨੇ ਦੌਰਾਨ ਪ੍ਰਧਾਨ ਠੁਕਰਾਲ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਇਲਾਕਿਆਂ ’ਚ ਸਨਅਤੀ ਇਕਾਈਆਂ ਨੂੰ ਸਿਰਫ਼ ਇਕ ਸਾਲ ਦੀ ਮਿਆਦ ਵਧਾ ਕੇ ਦੇਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਸਨਅਤਕਾਰਾਂ ਨੂੰ ਵਾਰ-ਵਾਰ ਮਿਆਦ ਵਧਾਉਣ ਦੀ ਬਜਾਏ ਅਜਿਹੀ ਨੀਤੀ ਦੀ ਲੋੜ ਹੈ, ਜਿਸ ਨਾਲ ਇਨ੍ਹਾਂ ਇਲਾਕਿਆਂ ਵਿੱਚ ਚੱਲ ਰਹੀਆਂ ਇਕਾਈਆਂ ਨੂੰ ਸਥਾਈ ਰਾਹਤ ਮਿਲ ਸਕੇ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਮੁੱਖ ਮੰਗ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਖੇਤਰਾਂ ਵਜੋਂ ਮਾਨਤਾ ਦੇਣ ਦੀ ਹੈ। ਜਦੋਂ ਤੱਕ ਸਰਕਾਰ ਇਸ ਸਬੰਧੀ ਠੋਸ ਫ਼ੈਸਲਾ ਨਹੀਂ ਲੈਂਦੀ, ਉਦੋਂ ਤੱਕ ਐਸੋਸੀਏਸ਼ਨ ਆਪਣਾ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਕ ਸਾਲ ਦਾ ਮਿਆਦ ਵਾਧਾ ਸਨਅਤਕਾਰਾਂ ਨੂੰ ਮਨਜ਼ੂਰ ਨਹੀਂ ਹੈ, ਕਿਉਂਕਿ ਇਸ ਨਾਲ ਭਵਿੱਖ ਵਿੱਚ ਮੁੜ ਉਹੀ ਅਨਿਸ਼ਚਿਤਤਾ ਪੈਦਾ ਹੋਣ ਦਾ ਖ਼ਦਸ਼ਾ ਬਣਿਆ ਰਹੇਗਾ। ਠੁਕਰਾਲ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਇਲਾਕਿਆਂ ਵਿੱਚ ਸਨਅਤੀ ਇਕਾਈਆਂ ਨੂੰ ਲੰਬੇ ਸਮੇਂ ਲਈ ਸਪੱਸ਼ਟ ਨੀਤੀ ਅਤੇ ਕਾਨੂੰਨੀ ਸਥਿਤੀ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਨਅਤਕਾਰਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਇਨ੍ਹਾਂ ਇਲਾਕਿਆਂ ਨੂੰ ਸਨਅਤੀ ਖੇਤਰ ਐਲਾਨਣ ਲਈ ਲੋੜੀਂਦੇ ਕਦਮ ਚੁੱਕੇ। ਐਸੋਸੀਏਸ਼ਨ ਵੱਲੋਂ ਹਰ ਬੁੱਧਵਾਰ ਦਿੱਤਾ ਜਾਣ ਵਾਲਾ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਮਿਕਸ ਲੈਂਡ ਯੂਜ਼ ਇਲਾਕਿਆਂ ਨੂੰ ਸਨਅਤੀ ਖੇਤਰਾਂ ਵਜੋਂ ਐਲਾਨਣ ਦੀ ਮੰਗ ਪੂਰੀ ਨਹੀਂ ਕਰਦੀ। ਐਸੋਸੀਏਸ਼ਨ ਨੇ ਕਿਹਾ ਕਿ ਸਨਅਤਕਾਰਾਂ ਨੂੰ ਸਥਾਈ ਰਾਹਤ ਦੇਣ ਲਈ ਮਿਆਦ ਵਧਾਉਣ ਦੀ ਬਜਾਏ ਨੀਤੀਗਤ ਹੱਲ ਕੱਢਣਾ ਜ਼ਰੂਰੀ ਹੈ।ਇਸ ਮੌਕੇ ਹਰਜੀਤ ਸਿੰਘ ਪਨੇਸਰ, ਅਸ਼ੋਕ ਪੱਬੀ ਤੇ ਗਗਨ ਸ਼ਰਮਾ ਸਮੇਤ ਹੋਰ ਅਹੁਦੇਦਾਰ ਵੀ ਮੌਜੂਦ ਸਨ।