- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਪੰਜਾਬੀ ਵਰਣਮਾਲਾ ਦੀ ਵੀਡੀਓ ਨੇ ਪਾਰ ਕੀਤਾ ਦੋ ਕਰੋੜ ਦਾ ਅੰਕੜਾ

-ਮਾਂ ਬੋਲੀ ਨੇ ਦਿਵਾਇਆ ਮਾਣ : ਨੈਸ਼ਨਲ ਐਵਾਰਡੀ ਕਰਮਜੀਤ ਸਿੰਘ ਗਰੇਵਾਲ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੌਮੀ ਪੁਰਸਕਾਰ ਜੇਤੂ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਤਿਆਰ ਕੀਤੀ ਪੰਜਾਬੀ ਵਰਣਮਾਲਾ ਦੀ ਵੀਡੀਓ ਨੇ ਯੂਟਿਊਬ ’ਤੇ ਦੋ ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਇਤਿਹਾਸਕ ਪ੍ਰਾਪਤੀ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਦੇ ਵਿਦਿਆਰਥੀਆਂ ਨਾਲ ਮਿਲ ਕੇ ਗੀਤ ਦੇ ਰੂਪ ਵਿੱਚ ਵੀਡੀਓ ਤਿਆਰ ਕਰਕੇ ਹਾਸਲ ਕੀਤੀ ਹੈ। ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਭ ਮਾਂ ਬੋਲੀ ਪੰਜਾਬੀ ਕਰਕੇ ਮਿਲਿਆ ਮਾਣ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੀ ਮਾਤ ਭਾਸ਼ਾ ਪੰਜਾਬੀ ਨਹੀਂ ਹੈ, ਉਹ ਵੀ ਫ਼ੋਨ ਕਰਕੇ ਦੱਸਦੇ ਹਨ ਕਿ ਇਨ੍ਹਾਂ ਗੀਤਾਂ ਰਾਹੀਂ ਉਹ ਪੰਜਾਬੀ ਭਾਸ਼ਾ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਵਿਸ਼ਵ ਦੀਆਂ ਅਮੀਰ ਭਾਸ਼ਾਵਾਂ ਵਿੱਚੋਂ ਇਕ ਹੈ, ਜਿਸ ਵਿੱਚ ਮਹਾਨ ਗ੍ਰੰਥਾਂ ਦੀ ਰਚਨਾ ਹੋਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਬੱਚਿਆਂ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਜਿਹੇ ਸਿਰਜਣਾਤਮਕ ਕਾਰਜ ਕਰਦੇ ਰਹਿਣਗੇ।
ਵਰਨਣਯੋਗ ਹੈ ਕਿ ਬਾਲ ਮਨਾਂ ਨੂੰ ਸਮਰਪਿਤ ਮਾਸਟਰ ਕਰਮਜੀਤ ਸਿੰਘ ਗਰੇਵਾਲ ਵੱਲੋਂ ਲਿਖੀਆਂ 13 ਪੁਸਤਕਾਂ, ਜਿਨ੍ਹਾਂ ਵਿੱਚ ਬਾਲ ਨਾਟਕ, ਗੀਤ ਅਤੇ ਬਾਲ ਕਹਾਣੀਆਂ ਸ਼ਾਮਲ ਹਨ, ਸਕੂਲਾਂ ਲਈ ਪ੍ਰਵਾਨਿਤ ਹਨ। ਉਨ੍ਹਾਂ ਦੀਆਂ ਰਚਨਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀਬੀਐੱਸਈ. ਦੇ ਸਿਲੇਬਸ ਵਿੱਚ ਵੀ ਸ਼ਾਮਲ ਹਨ। ਉਨ੍ਹਾਂ ਵੱਲੋਂ ਲਿਖੇ ਇੱਕ ਲੋਰੀ ਗੀਤ ਨੂੰ ਭਾਰਤ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਅਤੇ ਭਾਰਤ ਸਰਕਾਰ ਵੱਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਸਨਮਾਨ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਪ੍ਰਾਪਤ ਹੋਏ ਹਨ।