- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਆਈਸੀਯੂ ਨੇ 16ਵੇਂ ਐਕਸਪੋਰਟ ਟ੍ਰੇਨਿੰਗ ਬੈਚ ਦੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਕਰਵਾਏ ਗਏ 16ਵੇਂ ਐਕਸਪੋਰਟ ਟ੍ਰੇਨਿੰਗ ਬੈਚ ਦੇ ਭਾਗੀਦਾਰਾਂ ਨੂੰ ਸਿਖਲਾਈ ਪੂਰੀ ਕਰਨ ਦੇ ਸਰਟੀਫਿਕੇਟ ਵੰਡੇ ਗਏ। ਇਸ ਪਹਿਲਕਦਮੀ ਦਾ ਉਦੇਸ਼ ਉਦਮੀਆਂ, ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈਜ਼) ਤੇ ਨਵੇਂ ਬਰਾਮਦਕਾਰਾਂ ਨੂੰ ਕੌਮਾਂਤਰੀ ਵਪਾਰ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਦੀ ਬਰਾਮਦ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ।ਸਰਟੀਫਿਕੇਟ ਵੰਡਣ ਦੀ ਰਸਮ ਸੀਆਈਸੀਯੂ ਦੇ ਜਨਰਲ ਸਕੱਤਰ ਹਨੀ ਸੇਠੀ ਅਤੇ ਪ੍ਰਸਿੱਧ ਐਕਸਪੋਰਟ ਟ੍ਰੇਨਰ ਵਿਨੋਦ ਕੁਮਾਰ ਵੱਲੋਂ ਨਿਭਾਈ ਗਈ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਪੰਜਾਬ ਵਿੱਚ ਦੇਸ਼ ਦਾ ਪ੍ਰਮੁੱਖ ਬਰਾਮਦ ਕੇਂਦਰ ਬਣਨ ਦੀਆਂ ਅਥਾਹ ਸੰਭਾਵਨਾਵਾਂ ਹਨ। ਸੂਬੇ ਦਾ ਮਜ਼ਬੂਤ ਐੱਮਐੱਸਐੱਮਈ ਖੇਤਰ, ਨਿਰਮਾਣ ਸਮਰੱਥਾ ਅਤੇ ਉੱਦਮੀ ਸੋਚ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸੀਆਈਸੀਯੂ ਦਾ ਉਦੇਸ਼ ਉਦਯੋਗਾਂ ਅਤੇ ਉੱਦਮੀਆਂ ਦੇ ਗਿਆਨ ਦੀ ਘਾਟ ਨੂੰ ਦੂਰ ਕਰਕੇ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰਾਂ ਵਿੱਚ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਹੈ। ਬਰਾਮਦ ਸਬੰਧੀ ਸਿਖਲਾਈ ਸਿਰਫ਼ ਜਾਣਕਾਰੀ ਦੇਣ ਤੱਕ ਸੀਮਤ ਨਹੀਂ, ਸਗੋਂ ਕਾਰੋਬਾਰੀਆਂ ਲਈ ਨਵੇਂ ਮੌਕੇ ਪੈਦਾ ਕਰਨ ਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਣ ਦਾ ਸਾਧਨ ਹੈ। ਸਿਖਲਾਈ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਬਰਾਮਦ ਦੀ ਪ੍ਰਕਿਰਿਆ, ਲੋੜੀਂਦੇ ਦਸਤਾਵੇਜ਼ਾਂ, ਕੌਮਾਂਤਰੀ ਬਾਜ਼ਾਰਾਂ ਦੀ ਪਛਾਣ, ਨਿਯਮਾਂ ਦੀ ਪਾਲਣਾ, ਭੁਗਤਾਨ ਦੇ ਤਰੀਕਿਆਂ ਅਤੇ ਵਿਦੇਸ਼ੀ ਵਪਾਰ ਨਾਲ ਜੁੜੇ ਹੋਰ ਅਹਿਮ ਪਹਿਲੂਆਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਗਈ। ਸੇਠੀ ਨੇ ਭਾਗੀਦਾਰਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿਖਲਾਈ ਦੌਰਾਨ ਹਾਸਲ ਕੀਤੇ ਗਿਆਨ ਦੀ ਵਰਤੋਂ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਅਤੇ ਨਵੇਂ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਲਈ ਕਰਨ ਵਾਸਤੇ ਪ੍ਰੇਰਿਆ। ਐਕਸਪੋਰਟ ਟ੍ਰੇਨਰ ਵਿਨੋਦ ਕੁਮਾਰ ਨੇ ਕਿਹਾ ਕਿ ਸਫ਼ਲ ਬਰਾਮਦ ਲਈ ਚੰਗੇ ਉਤਪਾਦ ਦੇ ਨਾਲ-ਨਾਲ ਦਸਤਾਵੇਜ਼ੀ ਕਾਰਵਾਈ, ਨਿਯਮਾਂ ਦੀ ਪਾਲਣਾ, ਭੁਗਤਾਨ ਸਬੰਧੀ ਜੋਖ਼ਮਾਂ, ਲੌਜਿਸਟਿਕਸ ਤੇ ਵਿਦੇਸ਼ੀ ਖ਼ਰੀਦਦਾਰਾਂ ਦੀਆਂ ਲੋੜਾਂ ਦੀ ਸਮਝ ਹੋਣੀ ਵੀ ਜ਼ਰੂਰੀ ਹੈ। ਸੀਆਈਸੀਯੂ ਵੱਲੋਂ ਅਜਿਹੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਉਦਯੋਗਿਕ ਇਕਾਈਆਂ ਨੂੰ ਕੌਮਾਂਤਰੀ ਵਪਾਰ ਨਾਲ ਜੋੜਨ ਅਤੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ। 16ਵੇਂ ਬੈਚ ਦੀ ਸਫ਼ਲ ਸਮਾਪਤੀ ਸੰਸਥਾ ਦੇ ਇਸੇ ਉਦੇਸ਼ ਵੱਲ ਇੱਕ ਹੋਰ ਕਦਮ ਹੈ•।