- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਤੇ ਮੈਨੀਟੋਬਾ ਵਿਚਾਲੇ ਹੋਈਆਂ ਖੇਤੀ ਖੋਜ ’ਤੇ ਤਕਨੀਕੀ ਸਹਿਯੋਗ ਬਾਰੇ ਵਿਚਾਰਾਂ

-ਪੰਜਾਬ ਤੇ ਮੈਨੀਟੋਬਾ ਵਿਚਾਲੇ ਖੇਤੀ ਖੋਜ ਦੇ ਤਕਨੀਕੀ ਸਹਿਯੋਗ ਬਾਰੇ ਵਿਚਾਰਾਂ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਮੰਤਰੀ ਮਿੰਟੂ ਸੰਧੂ ਨੇ ਇੱਕ ਵਫ਼ਦ ਸਮੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ। ਇਸ ਮੌਕੇ ਪੰਜਾਬ ਅਤੇ ਮੈਨੀਟੋਬਾ ਵਿਚਕਾਰ ਖੇਤੀਬਾੜੀ ਖੋਜ, ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੀਏਯੂ ਦੇ ਵੀਸੀ ਡਾ. ਹਰਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮੰਤਰੀ ਸੰਧੂ ਨੇ ਪੀਏਯੂ ਅਤੇ ਯੂਨੀਵਰਸਿਟੀ ਆਫ਼ ਮੈਨੀਟੋਬਾ ਵਿਚਕਾਰ ਸਾਂਝ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਈ।
ਉਨ੍ਹਾਂ ਖੇਤੀਬਾੜੀ ਦੇ ਖੇਤਰ ਵਿੱਚ ਦੋਵਾਂ ਖੇਤਰਾਂ ਦੇ ਸਬੰਧ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਧਾਲੀਵਾਲ ਨੇ ਕਿਹਾ ਕਿ ਪੰਜਾਬ ਅਤੇ ਮੈਨੀਟੋਬਾ ਵਿਸ਼ਵ ਪੱਧਰ ’ਤੇ ਅਨਾਜ ਉਤਪਾਦਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੁਲਾਕਾਤ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਲੰਮੇ ਸਮੇਂ ਦੇ ਅਕਾਦਮਿਕ ਅਤੇ ਖੋਜ ਸਹਿਯੋਗ ਦੀ ਨੀਂਹ ਬਣੇਗੀ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਸਿਰਫ਼ ਰਸਮੀ ਕਾਰਵਾਈ ਨਾ ਰਹੇ, ਸਗੋਂ ਸਾਂਝੇ ਉਪਰਾਲਿਆਂ ਦੀ ਸ਼ੁਰੂਆਤ ਸਾਬਤ ਹੋਵੇ। ਯੂਨੀਵਰਸਿਟੀ ਦੇ ਰਜਿਸਟਰਾਰ ਸੁਖਜੀਤ ਪਾਲ ਸਿੰਘ (ਆਈਏਐੱਸ) ਨੇ ਅਕਾਦਮਿਕ ਅਤੇ ਖੋਜ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਖੋਜ ਦੇ ਵਧੀਕ ਨਿਰਦੇਸ਼ਕ ਡਾ. ਵੀਐੱਸ. ਸੋਹੂ ਨੇ ਫ਼ਸਲੀ ਪ੍ਰਣਾਲੀਆਂ, ਕਿੰਨੂ ਦੀ ਕਾਸ਼ਤ, ਮਿੱਟੀ ਦੀ ਸਿਹਤ, ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੇ ਵਿਸ਼ਲੇਸ਼ਣ ਅਤੇ ਸੰਭਾਲ-ਆਧਾਰਿਤ ਖੇਤੀ ਵਿੱਚ ਪੀਏਯੂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ।
ਖੇਤੀਬਾੜੀ ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਐੱਮਐੱਸ. ਭੁੱਲਰ ਨੇ ਕਿਸਾਨਾਂ ਤੱਕ ਖੇਤੀ ਤਕਨੀਕਾਂ ਪਹੁੰਚਾਉਣ ਵਿੱਚ ਯੂਨੀਵਰਸਿਟੀ ਦੇ ਪਸਾਰ ਨੈੱਟਵਰਕ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਭੂਮਿਕਾ ਬਾਰੇ ਦੱਸਿਆ। ਪੋਸਟ ਗ੍ਰੈਜੂਏਟ ਅਧਿਐਨ ਦੇ ਡੀਨ ਡਾ. ਹਰਮਿੰਦਰ ਸਿੰਘ ਨੇ ਵਿਦਿਆਰਥੀ ਅਦਾਨ-ਪ੍ਰਦਾਨ, ਸਾਂਝੀ ਖੋਜ ਅਤੇ ਸਿਖਲਾਈ ਪ੍ਰੋਗਰਾਮਾਂ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ। ਦੋਵਾਂ ਧਿਰਾਂ ਨੇ ਦਾਲਾਂ, ਤੇਲ ਬੀਜਾਂ ਅਤੇ ਪਰਾਲੀ ਪ੍ਰਬੰਧਨ ਨੂੰ ਸਾਂਝੀ ਖੋਜ ਲਈ ਅਹਿਮ ਖੇਤਰ ਮੰਨਿਆ। ਇਸ ਸਹਿਯੋਗ ਨਾਲ ਫ਼ਸਲੀ ਵਿਭਿੰਨਤਾ ਅਤੇ ਵਾਤਾਵਰਣ ਪੱਖੀ ਖੇਤੀ ਨੂੰ ਹੁਲਾਰਾ ਮਿਲ ਸਕਦਾ ਹੈ। ਵਫ਼ਦ ਨੇ ਪੀਏਯੂ ਦੀ ਸਪੀਡ ਬ੍ਰੀਡਿੰਗ ਸਹੂਲਤ, ਐਗਰੋ-ਪ੍ਰੋਸੈਸਿੰਗ ਕੰਪਲੈਕਸ, ਫੂਡ ਇੰਡਸਟਰੀ ਬਿਜ਼ਨਸ ਇਨਕਿਊਬੇਸ਼ਨ ਸੈਂਟਰ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕੀਤਾ। ਪ੍ਰੋਗਰਾਮ ਦਾ ਤਾਲਮੇਲ ਡਾ. ਕੇਐੱਸ. ਸੰਘਾ ਨੇ ਕੀਤਾ। ਇਸ ਮੌਕੇ ਖੇਤੀਬਾੜੀ ਸਬੰਧੀ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ।