- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਜ਼ਾਰਾਂ ਦੀ ਭੀੜ ਵਿਚਾਲੇ ਬਲਦੇ ਪੁਤਲਿਆਂ ਦੀਆਂ ਲੱਕੜਾਂ ਚੁੱਕਣ ਦੀ ਲੱਗੀ ਹੋੜ, ਸੁਰੱਖਿਆ ਪ੍ਰਬੰਧਾਂ 'ਤੇ ਉੱਠੇ ਸਵਾਲ

45
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਮੈਟਰੋ ਰੋਡ ਨੇੜੇ ਪ੍ਰਤਾਪ ਚੌਂਕ ਵਿਖੇ ਧਰਮ ਤੇ ਵਿਰਸਾ ਕਲੱਬ ਵੱਲੋਂ ਕਰਵਾਏ ਗਏ ਦੁਸਹਿਰਾ ਮੇਲੇ ਦੌਰਾਨ ਰਾਵਣ ਦਹਿਨ ਤੋਂ ਬਾਅਦ ਸਾਹਮਣੇ ਆਏ ਦ੍ਰਿਸ਼ਾਂ ਨੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਮੇਲੇ ਦਾ ਮਾਹੌਲ ਉਸ ਸਮੇਂ ਖ਼ਤਰਨਾਕ ਰੂਪ ਧਾਰਨ ਕਰਦਾ ਨਜ਼ਰ ਆਇਆ, ਜਦੋਂ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਬਲਦੇ ਪੁਤਲਿਆਂ ਵੱਲ ਵਧਣ ਲੱਗੇ। ਹੈਰਾਨੀਜਨਕ ਗੱਲ ਇਹ ਰਹੀ ਕਿ ਕਈ ਲੋਕ ਅੱਗ ਵਿੱਚ ਸੜ ਰਹੇ ਪੁਤਲਿਆਂ ਦੀਆਂ ਲੱਕੜਾਂ ਕੱਢ ਕੇ ਆਪਣੇ ਘਰਾਂ ਨੂੰ ਲਿਜਾਂਦੇ ਨਜ਼ਰ ਆਏ। ਕੁਝ ਲੋਕਾਂ ਵੱਲੋਂ ਤਾਂ ਲੱਕੜਾਂ ਦੀ ਅੱਗ ਪੂਰੀ ਤਰ੍ਹਾਂ ਬੁਝਣ ਦੀ ਉਡੀਕ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਗਈ। ਇਸ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਬਲਦੀਆਂ ਲੱਕੜਾਂ ਚੁੱਕਣ ਦੀ ਹੋੜ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਸੀ। ਖ਼ਾਸ ਕਰਕੇ ਮੇਲੇ ਵਿੱਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਮੌਜੂਦਗੀ ਕਾਰਨ ਅਜਿਹੀ ਲਾਪਰਵਾਹੀ ਹੋਰ ਵੀ ਗੰਭੀਰ ਬਣ ਜਾਂਦੀ ਹੈ।
ਗਨੀਮਤ ਇਹ ਰਹੀ ਕਿ ਇਸ ਖ਼ਤਰਨਾਕ ਵਰਤਾਰੇ ਦੌਰਾਨ ਕਿਸੇ ਦੇ ਅੱਗ ਦੀ ਲਪੇਟ ਵਿੱਚ ਆਉਣ ਜਾਂ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ। ਇਸ ਘਟਨਾਕ੍ਰਮ ਨੇ ਮੇਲੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਲੋਕਾਂ ਦੀ ਸੁਰੱਖਿਆ ਸਬੰਧੀ ਕੀਤੇ ਗਏ ਪ੍ਰਬੰਧਾਂ 'ਤੇ ਪ੍ਰਸ਼ਨਚਿੰਨ੍ਹ ਲਾ ਦਿੱਤਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਪੁਤਲਿਆਂ ਨੂੰ ਅੱਗ ਲਗਾਈ ਜਾ ਚੁੱਕੀ ਸੀ ਤਾਂ ਲੋਕਾਂ ਨੂੰ ਅੱਗ ਵਾਲੇ ਸਥਾਨ ਦੇ ਨੇੜੇ ਜਾਣ ਤੋਂ ਕਿਉਂ ਨਹੀਂ ਰੋਕਿਆ ਗਿਆ? ਕੀ ਬਲਦੇ ਪੁਤਲਿਆਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਉਣ ਅਤੇ ਲੋਕਾਂ ਨੂੰ ਦੂਰ ਰੱਖਣ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਸਨ? ਇਸ ਘਟਨਾਕ੍ਰਮ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਵੱਡੇ ਮੇਲਿਆਂ ਵਿੱਚ ਸੁਰੱਖਿਆ ਪ੍ਰਬੰਧ ਸਿਰਫ਼ ਦਾਅਵਿਆਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਲੋੜ ਹੈ ਕਿ ਭਵਿੱਖ ਵਿੱਚ ਅਜਿਹੇ ਸਮਾਗਮਾਂ ਦੌਰਾਨ ਪੁਤਲਿਆਂ ਦੇ ਦਹਿਨ ਤੋਂ ਬਾਅਦ ਵੀ ਅੱਗ ਪੂਰੀ ਤਰ੍ਹਾਂ ਬੁਝਣ ਤੱਕ ਸੁਰੱਖਿਆ ਘੇਰਾ ਕਾਇਮ ਰੱਖਿਆ ਜਾਵੇ, ਤਾਂ ਜੋ ਤਿਉਹਾਰ ਦੀਆਂ ਖ਼ੁਸ਼ੀਆਂ ਕਿਸੇ ਵੱਡੇ ਹਾਦਸੇ ਵਿੱਚ ਨਾ ਬਦਲ ਜਾਣ।