- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਰੇਸੀ ਮੈਦਾਨ ’ਚ ਫ਼ੂਕਿਆ 121 ਫੁੱਟ ਉੱਚਾ ਨਸ਼ਿਆਂ ਦੇ ਰਾਵਣ ਦਾ ਪੁਤਲਾ

-ਕਿਹਾ, ਨਸ਼ਿਆਂ ਕਰਕੇ ਉਜੜੇ ਪਰਿਵਾਰਾਂ ਦਾ ਕੇਸ ਸੁਣ ਕੇ ਅੰਦਰ ਤੱਕ ਝੰਜੋੜਿਆ ਗਿਆ ਹਾਂ
--ਨਾਰਕੋਟਿਕਸ ਕੰਟਰੋਲ ਬਿਊਰੋ ਦੇ ਟੋਲ-ਫ੍ਰੀ ਨੰਬਰ ’ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਦੀ ਅਪੀਲ
ਪੁਨੀਤ ਬਾਵਾ/ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਸਹਿਰੇ ਮੌਕੇ ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ 121 ਫੁੱਟ ਉੱਚੇ ਨਸ਼ਿਆਂ ਦੇ ਰਾਵਣ ਦਾ ਪੁਤਲਾ ਫੂਕ ਕੇ ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਦਾ ਸੱਦਾ ਦਿੱਤਾ। ਉਨ੍ਹਾਂ ‘ਆਪ’ ਦੀ ਸਰਕਾਰ ’ਤੇ ਨਸ਼ਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਲਈ ਸਖ਼ਤ ਕਾਰਵਾਈ ਦੀ ਲੋੜ ਹੈ।
ਸ਼ਾਹ ਨੇ ਕਿਹਾ “ਮੈਂ ਇਹ ਦੁਸਹਿਰਾ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ, ਕਿਉਂਕਿ ਮੈਂ ਪੰਜਾਬ ਵਿੱਚ ਗੁਰਦਾਸਪੁਰ, ਸੰਗਰੂਰ ਤੇ ਮਾਨਸਾ ਦੇ ਉਨ੍ਹਾਂ ਤਿੰਨ ਪਰਿਵਾਰਾਂ ਨੂੰ ਮਿਲ ਕੇ ਆਇਆ ਹਾਂ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਕਾਰਨ ਚਿੱਟਾ ਮਾਫ਼ੀਆ ਨੇ ਜਾਂ ਤਾਂ ਮਾਰ ਦਿੱਤਾ ਜਾਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦਾ ਦਰਦ ਦੇਖ ਕੇ ਮੈਂ ਅੰਦਰ ਤੱਕ ਝੰਜੋੜਿਆ ਗਿਆ ਹਾਂ।”
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਟੋਲ-ਫ੍ਰੀ ਨੰਬਰ ’ਤੇ ਫ਼ੋਨ ਕਰਕੇ ਨਸ਼ਿਆਂ ਅਤੇ ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਬਾਰੇ ਜਾਣਕਾਰੀ ਦੇਣ। ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਸ ਸਬੰਧੀ ਸਖ਼ਤ ਅਤੇ ਤੁਰੰਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਨੇ ਹਜ਼ਾਰਾਂ ਸਾਲ ਪਹਿਲਾਂ ਲੰਕਾ ਵਿੱਚ ਰਾਵਣ ਦਾ ਅੰਤ ਕੀਤਾ ਸੀ ਅਤੇ ਅੱਜ ਵੀ ਪੂਰੀ ਦੁਨੀਆ ਵਿਜੈਦਸ਼ਮੀ ਦੇ ਰੂਪ ਵਿੱਚ ਉਸ ਜਿੱਤ ਨੂੰ ਯਾਦ ਕਰਦੀ ਹੈ। ਰਾਵਣ ਦਹਿਨ ਦੀ ਪਰੰਪਰਾ ਸਾਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਆਪਣੇ ਅੰਦਰੋਂ ਲਾਲਚ, ਹੰਕਾਰ ਅਤੇ ਹੋਰ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਲੈਣ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਭਾਰਤੀ ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਰਾਹੀਂ ਬੱਚੇ ਅਤੇ ਨੌਜਵਾਨ ਭਾਰਤੀ ਸੱਭਿਆਚਾਰ ਨਾਲ ਜੁੜਦੇ ਹਨ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈਂਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਨੂੰ ਸ਼ਹੀਦਾਂ ਦੀ ਧਰਤੀ ਦੱਸਦਿਆਂ ਸੂਬੇ ਦੇ ਲੋਕਾਂ ਨੂੰ ਵਿਜੈਦਸ਼ਮੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਸ਼੍ਰੀ ਰਾਮਲੀਲ੍ਹਾ ਕਮੇਟੀ ਦਾ ਸਮਾਗਮ ਵਿੱਚ ਸੱਦਾ ਦੇਣ ਲਈ ਧੰਨਵਾਦ ਕੀਤਾ। ਸ਼ਾਹ ਨੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਸੂਬੇ ਦੇ ਵਿਕਾਸ ਨੂੰ ਦੁੱਗਣੀ ਰਫ਼ਤਾਰ ਦਿੱਤੀ ਜਾਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਸੰਕਲਪ ਲੈਣ ਦੀ ਅਪੀਲ ਵੀ ਕੀਤੀ। ਸ਼ਾਹ ਨੇ ਸ੍ਰੀ ਰਾਮਲੀਲਾ ਕਮੇਟੀ ਵੱਲੋਂ ਸੌ ਸਾਲ ਤੋਂ ਵੱਧ ਸਮੇਂ ਤੋਂ ਦੁਸਹਿਰਾ ਮੇਲਾ ਲਗਾਉਣ ਅਤੇ ਰਾਵਣ ਦਹਨ ਦੀ ਪਰੰਪਰਾ ਨੂੰ ਕਾਇਮ ਰੱਖਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੰਨੇ ਲੰਬੇ ਸਮੇਂ ਤੋਂ ਇਸ ਪਰੰਪਰਾ ਨੂੰ ਜਾਰੀ ਰੱਖਣਾ ਆਪਣੇ ਆਪ ਵਿੱਚ ਵੱਡੀ ਉਪਲਬਧੀ ਹੈ। ਅਜਿਹੇ ਸਮਾਗਮ ਦੇਸ਼ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੇ ਹਨ।
ਇਸ ਮੌਕੇ ਰਾਜ ਸਭਾ ਮੈਂਬਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ.ਸਤੀਸ਼ ਪੂਨੀਆਂ, ਰਾਜ ਸਭਾ ਮੈਂਬਰ ਤਰੁਣ ਚੁੱਘ, ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਮੀਡੀਆ ਇੰਚਾਰਜ ਵਨੀਤ ਜੋਸ਼ੀ,ਵਿਧਾਇਕ ਦਲਜੀਤ ਸਿੰਘ ਭੋਲਾ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਗੁਰਦੇਵ ਦੇਬੀ, ਅਨਿਲ ਸਰੀਨ, ਭਾਜਪਾ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਨੀਲ ਮੋਦਗਿੱਲ, ਰਜਨੀਸ਼ ਧੀਮਾਨ, ਵਿਭੋਰ ਗਰਗ, ਮਹੇਸ਼ ਸ਼ਰਮਾ, ਵਰਿੰਦਰ ਸਹਿਗਲ, ਅਰਸ਼ ਸ਼ਰਮਾ, ਗੁਰਦੀਪ ਗੋਸ਼ਾ, ਅਸੋਕ ਰਾਣਾ, ਅਮਰਜੀਤ ਸਿੰਘ ਟਿੱਕਾ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਮੇਟੀ ਦਰੇਸੀ ਗਰਾਊਂਡ, ਸੀਤਾ ਮਾਤਾ ਮੰਦਿਰ ਤੇ ਧਰਮਸ਼ਾਲਾ ਕਮੇਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
-ਬਾਕਸ-
-ਰਾਵਣ ਦੇ ਪੁਤਲੇ ’ਚ ਪਾਏ ਪਟਾਕੇ ਚੱਲਣੇ ਹੋਏ ਬੰਦ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਸ਼ਾਮ ਨੂੰ ਦਰੇਸੀ ਸਥਿਤ ਸ੍ਰੀ ਰਾਮਲੀਲਾ ਮੈਦਾਨ ਵਿੱਚ ਰਿਮੋਟ ਕੰਟਰੋਲ ਰਾਹੀਂ 121 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਦਹਨ ਕੀਤਾ। ਇਸ ਵਾਰ ਰਾਵਣ ਦੇ ਪੁਤਲੇ ਨੂੰ ਚਿੱਟੇ ਦੇ ਪ੍ਰਤੀਕ ਵਜੋਂ ਤਿਆਰ ਕੀਤਾ ਗਿਆ ਸੀ। ਪੁਤਲੇ ਨੂੰ ਅੱਗ ਲੱਗਦੇ ਹੀ ਮੈਦਾਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਹਾਲਾਂਕਿ ਕੁੱਝ ਸਮੇਂ ਬਾਅਦ ਤਕਨੀਕੀ ਖ਼ਰਾਬੀ ਕਾਰਨ ਪਟਾਕੇ ਬੰਦ ਹੋ ਗਏ ਤੇ ਅੱਗ ਵੀ ਬੁਝ ਗਈ। ਕਰੀਬ ਪੰਜ ਮਿੰਟ ਬਾਅਦ ਪਟਾਕੇ ਮੁੜ ਚੱਲਣ ਲੱਗੇ ਅਤੇ ਰਾਵਣ ਦਾ ਪੁਤਲਾ ਦੁਬਾਰਾ ਧੂ-ਧੂ ਕਰਕੇ ਸੜਨ ਲੱਗਾ। ਅਮਿਤ ਸ਼ਾਹ ਸ਼ਾਮ ਕਰੀਬ 5.25 ਵਜੇ ਚਿੱਟਾ ਕੁੜਤਾ-ਪਜਾਮਾ ਅਤੇ ਕੇਸਰੀ ਰੰਗ ਦਾ ਗਮਛਾ ਪਹਿਨ ਕੇ ਸਮਾਗਮ ਵਿੱਚ ਪਹੁੰਚੇ। ਮੰਚ ’ਤੇ ਆਉਂਦਿਆਂ ਹੀ ਲੋਕਾਂ ਨੇ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸ਼ਾਹ ਨੇ ਵੀ ਲੋਕਾਂ ਨਾਲ ਜੈ ਸ੍ਰੀ ਰਾਮ ਦੇ ਜੈਕਾਰੇ ਲਗਵਾਏ। ਉਨ੍ਹਾਂ ਨੇ ਸ਼ਾਮ 5.30 ਵਜੇ ਸੰਬੋਧਨ ਸ਼ੁਰੂ ਕੀਤਾ ਅਤੇ ਕਰੀਬ 10 ਮਿੰਟ ਬਾਅਦ 5.40 ਵਜੇ ਆਪਣਾ ਭਾਸ਼ਣ ਸਮਾਪਤ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਰਿਮੋਟ ਦਾ ਬਟਨ ਦਬਾ ਕੇ ਰਾਵਣ ਦਹਿਨ ਕੀਤਾ।
-ਬਾਕਸ-
ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਦੇਖਣ ਲਈ ਲੋਕਾਂ ’ਚ ਉਤਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਹੁੰਚਣ ਨਾਲ ਮੇਲੇ ਦਾ ਮਾਹੌਲ ਬਦਲ ਗਿਆ। ਮੈਦਾਨ ਵਿੱਚ 121 ਫੁੱਟ ਉੱਚੇ ਰਾਵਣ ਦੇ ਪੁਤਲੇ ਤੋਂ ਇਲਾਵਾ ਝੂਲੇ ਅਤੇ ਹੋਰ ਮਨੋਰੰਜਨ ਦੇ ਸਾਧਨ ਵੀ ਸਨ, ਪਰ ਸ਼ਾਹ ਦੇ ਮੰਚ ’ਤੇ ਆਉਂਦਿਆਂ ਹੀ ਲੋਕਾਂ ਦਾ ਧਿਆਨ ਮੁੱਖ ਮੰਚ ਵੱਲ ਹੋ ਗਿਆ। ਕਈ ਲੋਕਾਂ ਨੇ ਮੋਬਾਈਲ ਫੋਨਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਸੈਲਫ਼ੀਆਂ ਲੈਣ ਦੀ ਕੋਸ਼ਿਸ਼ ਕੀਤੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਤੇ ਭਾਜਪਾ ਵਰਕਰ ਮੌਜੂਦ ਸਨ। ਸ਼ਹਿਰ ਦੇ ਮੁੱਖ ਰਸਤਿਆਂ ਅਤੇ ਚੌਕਾਂ ’ਤੇ ਵੀ ਸ਼ਾਹ ਦੇ ਸਵਾਗਤ ਵਾਲੇ ਪੋਸਟਰ, ਬੈਨਰ ਅਤੇ ਹੋਰਡਿੰਗ ਲਗਾਏ ਗਏ ਸਨ।
-ਬਾਕਸ-
-ਰਾਜਾ ਵੜਿੰਗ ਸ਼ਾਹ ਦੇ ਪਹੁੰਚਣ ਤੋਂ ਪਹਿਲਾਂ ਪਰਤੇ
ਕਾਂਗਰਸੀ ਸੰਸਦ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦੁਸਹਿਰਾ ਮੇਲੇ ਵਿੱਚ ਪਹੁੰਚੇ, ਪਰ ਉਹ ਅਮਿਤ ਸ਼ਾਹ ਦੇ ਆਉਣ ਤੋਂ ਪਹਿਲਾਂ ਹੀ ਚਲੇ ਗਏ। ਉਨ੍ਹਾਂ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਅਤੇ ਪੁਲਿਸ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਲੋਕਾਂ ਨੂੰ ਮੇਲੇ ਵਿੱਚ ਆਉਣ ਤੋਂ ਰੋਕੇ ਜਾਣ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਤੋਂ ਨਹੀਂ ਰੋਕਣਾ ਚਾਹੀਦਾ। ‘ਆਪ’ ਦੇ ਵਿਧਾਇਕ ਮਦਨ ਲਾਲ ਬੱਗਾ, ਦਲਜੀਤ ਸਿੰਘ ਭੋਲਾ ਅਤੇ ਸ੍ਰੀ ਰਾਮਲੀਲਾ ਕਮੇਟੀ ਦੇ ਮੈਂਬਰਾਂ ਸਮੇਤ ਹੋਰ ਪਤਵੰਤੇ ਵੀ ਸਮਾਗਮ ’ਚ ਸ਼ਾਮਲ ਹੋਏ।