ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਕਾਰਨ ਲੋਕ ਹੋਏ ਪਰੇਸ਼ਾਨ : ਮਹਿਤਾ
ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਕਾਰਨ ਲੋਕ ਪਰੇਸ਼ਾਨ ਹੋਏ-ਮਹਿਤਾ
Publish Date: Tue, 20 Oct 2026 07:07 PM (IST)
Updated Date: Wed, 21 Oct 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੰਜਾਬੀ ਜਾਗਰਣ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਰੇਸੀ ਦੁਸ਼ਹਿਰਾ ਗਰਾਊਂਡ ’ਚ ਪੁੱਜਣ ਕਾਰਨ ਇਲਾਕੇ ਦੇ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ ਤੇ ਦੁਸਹਿਰਾ ਮੇਲਾ ਦੇਖਣ ਆਏ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਪ੍ਰਗਟਾਵਾ ਸਾਬਕਾ ਕੌਂਸਲਰ ਤੇ ਸੀਨੀਅਰ ਆਗੂ ਪਰਮਿੰਦਰ ਮਹਿਤਾ ਨੇ ਕੀਤਾ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦੇ ਨਾਂ ’ਤੇ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਮੇਲਾ ਸਥਾਨ ਦੇ ਆਲੇ-ਦੁਆਲੇ ਲੋਕਾਂ ਦੀ ਆਵਾਜਾਈ ’ਤੇ ਪਾਬੰਦੀਆਂ ਲਾਉਣ ’ਤੇ ਡੂੰਘਾ ਦੁੱਖ ਅਤੇ ਰੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਰੇਹੜੀ-ਫੜ੍ਹੀ ਵਾਲਿਆਂ ਅਤੇ ਛੋਟੇ ਦੁਕਾਨਦਾਰਾਂ ਲਈ ਕਮਾਈ ਦਾ ਅਹਿਮ ਮੌਕਾ ਹੁੰਦਾ ਹੈ। ਸਾਰਾ ਸਾਲ ਇਸ ਦਿਨ ਦੀ ਉਡੀਕ ਕਰਨ ਵਾਲੇ ਕਈ ਲੋਕਾਂ ਨੂੰ ਸੁਰੱਖਿਆ ਪ੍ਰਬੰਧਾਂ ਕਾਰਨ ਆਪਣਾ ਕਾਰੋਬਾਰ ਬੰਦ ਰੱਖਣਾ ਪਿਆ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਅਸਰ ਪਿਆ। ਮਹਿਤਾ ਨੇ ਕਿਹਾ ਕਿ ਸੁਰੱਖਿਆ ਦੇ ਪ੍ਰਬੰਧ ਅਜਿਹੇ ਹੋਣੇ ਚਾਹੀਦੇ ਹਨ ਕਿ ਕਿਸੇ ਵੱਡੇ ਆਗੂ ਦੇ ਦੌਰੇ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਅਤੇ ਕਾਰੋਬਾਰ ਪ੍ਰਭਾਵਿਤ ਨਾ ਹੋਣ।