- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
45 ਨਸ਼ੀਲੀਆਂ ਗੋਲੀਆਂ ਸਮੇਤ ‘ਆਪ’ ਬਲਾਕ ਪ੍ਰਧਾਨ ਗ੍ਰਿਫ਼ਤਾਰ, ਦੂਜਾ ਮੁਲਜ਼ਮ ਵੀ ਪੁਲਿਸ ਅੜਿੱਕੇ

-ਬਲਾਕ ਪ੍ਰਧਾਨ ਗੁਰਦੇਵ ਸਿੰਘ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਐਲਡੀਕੋ ਚੌਕੀ ਦੀ ਪੁਲਿਸ ਨੇ 45 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਦਿਆਂ ‘ਆਪ’ ਦੇ ਹਲਕਾ ਗਿੱਲ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਆਸੀ ਪਾਰਟੀ ਨਾਲ ਜੁੜੇ ਅਹੁਦੇਦਾਰ ਦੀ ਗ੍ਰਿਫ਼ਤਾਰੀ ਨੇ ਮਾਮਲੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਕਿਰਪਾਲ ਸਿੰਘ ਤੇ ਰਾਕੇਸ਼ ਕੁਮਾਰ ਪੁੱਤਰ ਜੈਨ ਰਾਮ, ਦੋਵੇਂ ਵਾਸੀ ਪਿੰਡ ਹੁਸੈਨਪੁਰਾ, ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਐਲਡੀਕੋ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ। ਪੁਲਿਸ ਮੁਲਾਜ਼ਮ ਮੈਟਰੋ ਮਾਲ ਵੱਲੋਂ ਸੈਕਰਡ ਹਾਰਟ ਸਕੂਲ, ਭੱਟੀਆਂ ਵੱਲ ਜਾ ਰਹੇ ਸਨ। ਰਸਤੇ ਵਿੱਚ ਸਾਹਮਣੇ ਤੋਂ ਪੈਦਲ ਆ ਰਹੇ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ, ਤਾਂ ਉਨ੍ਹਾਂ ਕੋਲੋਂ ਕੁੱਲ 45 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਵਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਚੌਕੀ ਇੰਚਾਰਜ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤੀ ਹੈ, ਪੁੱਛਗਿੱਛ ਦੌਰਾਨ ਪਾਬੰਦੀਸ਼ੁਦਾ ਗੋਲ਼ੀਆਂ ਸਬੰਧੀ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।