- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਆਈਪੀ ਲੋਕਾਂ ਦੀ ਆਮਦ ਕਾਰਨ ਤਿਉਹਾਰਾਂ ਦੀ ਰੌਣਕ ਪ੍ਰਭਾਵਿਤ ਨਾ ਕੀਤੀ ਜਾਵੇ-ਰਾਜਾ ਵੜਿੰਗ

-ਦਰੇਸੀ ’ਚ ਦੁਸਹਿਰਾ ਮੌਕੇ ਰਾਵਣ ਦੇ ਹੰਕਾਰ ਤੋਂ ਸਬਕ ਲੈਣ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਨ ਦਾ ਦਿੱਤਾ ਸੁਨੇਹਾ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਇੱਥੋਂ ਦੇ ਐੱਮਪੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵੀਆਈਪੀ ਆਮਦ ਕਾਰਨ ਆਮ ਲੋਕਾਂ ਦੇ ਤਿਉਹਾਰਾਂ ਦੀ ਰੌਣਕ ਤੇ ਉਤਸ਼ਾਹ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਿਉਹਾਰ ਲੋਕਾਂ ਦੀਆਂ ਖ਼ੁਸ਼ੀਆਂ ਤੇ ਸਾਂਝ ਦਾ ਪ੍ਰਤੀਕ ਹਨ, ਇਸ ਲਈ ਪ੍ਰਸ਼ਾਸਨ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਲੋਕ ਬਿਨਾਂ ਕਿਸੇ ਬੇਲੋੜੀ ਪਾਬੰਦੀ ਦੇ ਸਮਾਗਮਾਂ ’ਚ ਸ਼ਾਮਲ ਹੋ ਸਕਣ। ਰਾਜਾ ਵੜਿੰਗ ਨੇ ਮੰਗਲਵਾਰ ਨੂੰ ਇਤਿਹਾਸਕ ਦਰੇਸੀ ਮੈਦਾਨ ਵਿਖੇ ਕਰਵਾਏ ਦੁਸਹਿਰਾ ਸਮਾਗਮ ’ਚ ਸ਼ਿਰਕਤ ਕੀਤੀ ਤੇ ਰਵਾਇਤੀ ਝੰਡਾ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਇਸ ਤਿਉਹਾਰ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਰਾਵਣ ਇਕ ਮਹਾਨ ਵਿਦਵਾਨ ਸੀ, ਪਰ ਉਸ ਦਾ ਹੰਕਾਰ ਹੀ ਉਸ ਦੇ ਪਤਨ ਦਾ ਕਾਰਨ ਬਣਿਆ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਹੰਕਾਰ ਕਿਸੇ ਵੀ ਵਿਅਕਤੀ ਦੇ ਵਿਨਾਸ਼ ਦਾ ਕਾਰਨ ਬਣ ਸਕਦਾ ਹੈ। ਇਸ ਲਈ ਹਰ ਵਿਅਕਤੀ ਨੂੰ ਨਿਮਰਤਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਤੇ ਗਿਆਨ ਤੇ ਮਨੁੱਖਤਾ ਨੂੰ ਹੰਕਾਰ ਤੋਂ ਉੱਪਰ ਰੱਖਣਾ ਚਾਹੀਦਾ ਹੈ।
ਦੁਸਹਿਰੇ ਦਾ ਤਿਉਹਾਰ ਸਾਨੂੰ ਸਿਰਫ਼ ਰਾਵਣ ਦੇ ਪੁਤਲੇ ਦਾ ਦਹਨ ਕਰਨ ਤੱਕ ਸੀਮਤ ਨਹੀਂ ਰਹਿਣਾ ਸਿਖਾਉਂਦਾ, ਸਗੋਂ ਅੰਦਰਲੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੀ ਪ੍ਰੇਰਿਤ ਕੀਤਾ। ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਫੈਲਾਉਣ ਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਰਾਜਾ ਵੜਿੰਗ ਨੇ ਸ੍ਰੀ ਰਾਮਲੀਲ੍ਹਾ ਕਮੇਟੀ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਕਮੇਟੀ ਦੇ ਪ੍ਰਧਾਨ ਦਿਨੇਸ਼ ਮਰਵਾਹਾ ਨੇ ਉਨ੍ਹਾਂ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸਾਬਕਾ ਵਿਧਾਇਕ ਸੰਜੇ ਤਲਵਾੜ, ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸੁਰਿੰਦਰ ਡਾਵਰ, ਹੈਪੀ ਲਾਲੀ ਤੇ ਮਨਰਾਜ ਠੁਕਰਾਲ ਵੀ ਮੌਜੂਦ ਸਨ।
-ਬਾਕਸ-
-ਦੁਕਾਨਾਂ ਬੰਦ ਕਰਵਾਉਣ ਕਾਰਨ ਲੋਕਾਂ ਨੂੰ ਹੋਈ ਪਰੇਸ਼ਾਨੀ ਦਾ ਮੁੱਦਾ ਚੁੱਕਿਆ
ਸੰਸਦ ਮੈਂਬਰ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਆਮ ਲੋਕਾਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਦੁਸਹਿਰਾ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਦੁਕਾਨਾਂ ਬੰਦ ਕਰਵਾਉਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸੇ ਵੀਆਈਪੀ ਦੀ ਆਮਦ ਕਾਰਨ ਆਮ ਲੋਕਾਂ ਦੇ ਜਸ਼ਨਾਂ ’ਤੇ ਬੇਲੋੜੀਆਂ ਪਾਬੰਦੀਆਂ ਨਹੀਂ ਲੱਗਣੀਆਂ ਚਾਹੀਦੀਆਂ। ਲੋਕਾਂ ਨੂੰ ਤਿਉਹਾਰ ਪੂਰੇ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।