- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਅੰਕੁਰ ਮਹਿੰਦਰੂ ਨੇ ਸੰਭਾਲਿਆ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ

-ਕਿਹਾ, ਸਫ਼ਾਈ ਪ੍ਰਬੰਧ, ਬੁੱਢੇ ਨਾਲ਼ੇ ਦੀ ਕਾਇਆ-ਕਲਪ ਤੇ 24 ਘੰਟੇ ਮਿਲੇਗਾ ਨਹਿਰੀ ਪਾਣੀ ਦੀ ਮਿਲੇਗੀ ਸਪਲਾਈ ਰਹਿਣਗੇ ਤਰਜੀਹੀ ਮੁੱਦੇ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਿਗਮ ਦੇ ਨਵੇਂ ਕਮਿਸ਼ਨਰ ਵਜੋਂ 2016 ਬੈਚ ਦੇ ਪੀਸੀਐੱਸ ਅਧਿਕਾਰੀ ਡਾ. ਅੰਕੁਰ ਮਹਿੰਦਰੂ ਨੇ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ। ਸਰਾਭਾ ਨਗਰ ਸਥਿਤ ਨਿਗਮ ਦੇ ਜ਼ੋਨ-ਡੀ ਦਫ਼ਤਰ ’ਚ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਕੇ ਸ਼ਹਿਰ ਦੇ ਮੁੱਖ ਮੁੱਦਿਆਂ ਬਾਰੇ ਜਾਣਕਾਰੀ ਲਈ। ਡਾ. ਮਹਿੰਦਰੂ ਦੇ ਦਫ਼ਤਰ ਪਹੁੰਚਣ ’ਤੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਜੁਆਇੰਟ ਕਮਿਸ਼ਨਰ ਅਮਨਪ੍ਰੀਤ ਸਿੰਘ, ਜੁਆਇੰਟ ਕਮਿਸ਼ਨਰ ਤਪਨ ਭਨੋਟ, ਸਹਾਇਕ ਕਮਿਸ਼ਨਰ ਨੀਰਜ ਜੈਨ ਤੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਡਾ. ਅੰਕੁਰ ਮਹਿੰਦਰੂ ਪਹਿਲਾਂ ਵੀ ਲੁਧਿਆਣਾ ਨਿਗਮ ’ਚ ਜੁਆਇੰਟ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਕਰਕੇ ਉਹ ਸ਼ਹਿਰ ਦੀਆਂ ਨਿਗਮ ਨਾਲ ਸਬੰਧਤ ਸਮੱਸਿਆਵਾਂ ਤੇ ਪ੍ਰਸ਼ਾਸਕੀ ਚੁਣੌਤੀਆਂ ਤੋਂ ਜਾਣੂ ਹਨ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਪਾਰਦਰਸ਼ਤਾ ਤੇ ਕਾਰਜਕੁਸ਼ਲਤਾ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਨਾ ਹੈ। ਨਿਗਮ ਦੇ ਕੰਮ-ਕਾਜ ਵਿੱਚ ਸੁਧਾਰ ਲਿਆਉਣ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਯਤਨ ਕੀਤੇ ਜਾਣਗੇ।
-ਕੂੜਾ ਪ੍ਰਬੰਧਨ ਤੇ ਬੁੱਢੇ ਨਾਲੇ ਦੀ ਕਾਇਆ-ਕਲਪ ’ਤੇ ਰਹੇਗਾ ਜ਼ੋਰ
ਨਵੇਂ ਕਮਿਸ਼ਨਰ ਨੇ ਠੋਸ ਕੂੜਾ ਪ੍ਰਬੰਧਨ ਵਿੱਚ ਸੁਧਾਰ, ਲੋਕਾਂ ਨੂੰ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ, ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ, ਬੁੱਢੇ ਨਾਲੇ ਦੀ ਕਾਇਆਕਲਪ ਤੇ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਨੂੰ ਤਰਜੀਹ ਦੇਣ ਦੀ ਗੱਲ ਕਹੀ। ਨਿਗਮ ਦੇ ਬਕਾਇਆ ਪੈਸਿਆਂ ਦੀ ਵਸੂਲੀ ’ਤੇ ਵੀ ਧਿਆਨ ਦਿੱਤਾ ਜਾਵੇਗਾ। ਡਾ. ਮਹਿੰਦਰੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਨੂੰ ਸਾਫ਼-ਸੁਥਰਾ ਬਣਾਉਣ ਅਤੇ ਕੂੜੇ ਦੇ ਸੁਚੱਜੇ ਪ੍ਰਬੰਧਨ ’ਚ ਨਿਗਮ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ’ਤੇ ਯਤਨ ਕੀਤੇ ਜਾਣਗੇ।