- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਅਮਿਤ ਸ਼ਾਹ ਦੀ ਆਮਦ ’ਤੇ ਲੁਧਿਆਣਾ ’ਚ ਬਦਲੇਗਾ ਟਰੈਫਿਕ ਦਾ ਰੂਟ, ਕਈ ਰਸਤਿਆਂ ’ਤੇ ਵਾਹਨਾਂ ਦੀ ਐਂਟਰੀ ਬੰਦ

-ਕਈ ਥਾਈਂ ਵਾਹਨਾਂ ਦੀ ਐਂਟਰੀ ਬੰਦ, ਦਰੇਸੀ ਮੈਦਾਨ ’ਚ ਲੱਗੇਗਾ ਦੁਸਹਿਰਾ ਮੇਲਾ, ਹਲਕੇ ਵਾਹਨਾਂ ਲਈ ਵੱਖਰੇ ਰਸਤੇ, ਅੰਡਰਪਾਸ ਰਾਹੀਂ ਲੰਘਣ ’ਤੇ ਪਾਬੰਦੀ
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੁਧਿਆਣਾ ਫੇਰੀ ਅਤੇ ਦਰੇਸੀ ਮੈਦਾਨ ਵਿੱਚ 20 ਅਕਤੂਬਰ ਨੂੰ ਹੋਣ ਵਾਲੇ ਦੁਸਹਿਰਾ ਮੇਲੇ ਦੇ ਮੱਦੇਨਜ਼ਰ ਸ਼ਹਿਰ ਦੀ ਟਰੈਫਿਕ ਵਿਵਸਥਾ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ। ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਲੁਧਿਆਣਾ ਟਰੈਫਿਕ ਪੁਲਿਸ ਨੇ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਹੈ। ਇਸ ਤਹਿਤ ਕਈ ਪ੍ਰਮੁੱਖ ਚੌਕਾਂ ’ਤੇ ਆਵਾਜਾਈ ਨੂੰ ਮੋੜਿਆ ਜਾਵੇਗਾ, ਜਦਕਿ ਕੁਝ ਰਸਤਿਆਂ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਬਦਲਵੇਂ ਰਸਤਿਆਂ ਦੀ ਜਾਣਕਾਰੀ ਲੈਣ ਅਤੇ ਟਰੈਫਿਕ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।
-ਇਨ੍ਹਾਂ ਪ੍ਰਮੁੱਖ ਚੌਕਾਂ ’ਤੇ ਰਹੇਗੀ ਟਰੈਫਿਕ ਪੁਲਿਸ ਦੀ ਨਜ਼ਰ
ਜਾਰੀ ਕੀਤੇ ਗਏ ਨਕਸ਼ੇ ਅਨੁਸਾਰ ਜਲੰਧਰ ਬਾਈਪਾਸ ਚੌਕ, ਬੁੱਢਾ ਨਾਲਾ ਪੁਲ, ਪੁਰਾਣੀ ਸਬਜ਼ੀ ਮੰਡੀ ਚੌਕ, ਜਗਰਾਉਂ ਪੁਲ, ਵਿਸ਼ਵਕਰਮਾ ਚੌਕ ਅਤੇ ਸ਼ੇਰਪੁਰ ਚੌਕ ਆਵਾਜਾਈ ਦੇ ਲਿਹਾਜ਼ ਨਾਲ ਅਹਿਮ ਰਹਿਣਗੇ। ਇਨ੍ਹਾਂ ਥਾਵਾਂ ਤੋਂ ਵਾਹਨਾਂ ਦੀ ਆਵਾਜਾਈ ਨੂੰ ਟਰੈਫਿਕ ਦੀ ਸਥਿਤੀ ਮੁਤਾਬਕ ਨਿਯੰਤਰਿਤ ਕੀਤਾ ਜਾਵੇਗਾ। ਜਲੰਧਰ ਬਾਈਪਾਸ ਚੌਕ ਤੋਂ ਸਮਰਾਲਾ ਚੌਕ ਵੱਲ ਜਾਣ ਵਾਲੀ ਸੜਕ ਨਕਸ਼ੇ ਵਿੱਚ ਖੁੱਲ੍ਹੇ ਰਸਤੇ ਵਜੋਂ ਦਰਸਾਈ ਗਈ ਹੈ, ਜਦਕਿ ਕੁਝ ਹੋਰ ਰਸਤਿਆਂ ’ਤੇ ਹਲਕੇ ਵਾਹਨਾਂ ਲਈ ਹੀ ਆਵਾਜਾਈ ਦੀ ਵਿਵਸਥਾ ਦਿਖਾਈ ਗਈ ਹੈ।
-ਅੰਡਰਪਾਸ ਦੀ ਥਾਂ ਫਲਾਈਓਵਰ ਵਰਤਣ ਦੀ ਸਲਾਹ
ਟਰੈਫਿਕ ਪਲਾਨ ਵਿੱਚ ਬੁੱਢਾ ਨਾਲਾ ਪੁਲ ਅਤੇ ਜਗਰਾਉਂ ਪੁਲ ਨੇੜੇ ਅੰਡਰਪਾਸ ਦੀ ਐਂਟਰੀ ’ਤੇ ਪਾਬੰਦੀ ਦਰਸਾਈ ਗਈ ਹੈ। ਇਨ੍ਹਾਂ ਥਾਵਾਂ ’ਤੇ ਵਾਹਨ ਚਾਲਕਾਂ ਨੂੰ ਫਲਾਈਓਵਰ ਦੀ ਵਰਤੋਂ ਕਰਦੇ ਹੋਏ ਅੱਗੇ ਵਧਣ ਦੀ ਵਿਵਸਥਾ ਦਿਖਾਈ ਗਈ ਹੈ। ਇਸ ਲਈ ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਪਵੇਗੀ, ਤਾਂ ਜੋ ਆਖ਼ਰੀ ਸਮੇਂ ’ਤੇ ਰਸਤਾ ਬਦਲਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਨਾ ਹੋਵੇ।
-ਦਰੇਸੀ ਮੈਦਾਨ ਦੇ ਆਲੇ-ਦੁਆਲੇ ਵਾਹਨਾਂ ਦੀ ਐਂਟਰੀ ਬੰਦ
ਦਰੇਸੀ ਮੈਦਾਨ ਦੇ ਆਲੇ-ਦੁਆਲੇ ਦੇ ਰਸਤਿਆਂ ਨੂੰ ਨਕਸ਼ੇ ਵਿੱਚ ਵਾਹਨਾਂ ਦੀ ਆਵਾਜਾਈ ਲਈ ਬੰਦ ਜਾਂ ਸੀਮਤ ਖੇਤਰ ਵਜੋਂ ਦਰਸਾਇਆ ਗਿਆ ਹੈ। ਇਸ ਵਿਵਸਥਾ ਤਹਿਤ ਕਿਲਾ ਮੁਹੱਲਾ ਵਾਲੇ ਪਾਸੇ, ਸ਼ਿਵਪੁਰੀ ਵਾਲੇ ਪਾਸੇ, ਰੋਸ਼ਨ ਢਾਬੇ ਵੱਲੋਂ ਆਉਣ ਵਾਲੇ ਰਸਤਿਆਂ ’ਤੇ ਆਵਾਜਾਈ ਨੂੰ ਨਿਯੰਤਰਿਤ ਕੀਤਾ ਜਾਵੇਗਾ। ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਨਿਰਧਾਰਤ ਦਾਖ਼ਲਾ ਗੇਟਾਂ ਦੀ ਵਰਤੋਂ ਕਰਨੀ ਪਵੇਗੀ। ਨਕਸ਼ੇ ਵਿੱਚ ਜਨਤਕ ਦਾਖ਼ਲੇ ਅਤੇ ਰਾਖਵੇਂ ਦਾਖ਼ਲੇ ਲਈ ਵੱਖਰੇ ਗੇਟ ਵੀ ਦਰਸਾਏ ਗਏ ਹਨ।
-ਪਾਰਕਿੰਗ ਲਈ ਚਾਰ ਥਾਵਾਂ ਨਿਰਧਾਰਤ
ਵਾਹਨ ਖੜ੍ਹੇ ਕਰਨ ਲਈ ਟਰੈਫਿਕ ਪਲਾਨ ਵਿੱਚ ਚਾਰ ਪਾਰਕਿੰਗ ਥਾਵਾਂ ਦਰਸਾਈਆਂ ਹਨ। ਇਨ੍ਹਾਂ ਵਿੱਚ 1. ਦਰੇਸੀ ਗਰਾਊਂਡ, 2. ਕਪੂਰ ਹਸਪਤਾਲ ਨੇੜੇ, 3. ਐੱਮਸੀਐੱਲ ਪਾਰਕਿੰਗ ਅਤੇ 4. ਬੁੱਕਸ ਮਾਰਕੀਟ ਵਾਲੀ ਪਾਰਕਿੰਗ ਸ਼ਾਮਲ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਸੜਕਾਂ ਕੰਢੇ ਜਾਂ ਭੀੜ ਵਾਲੀਆਂ ਥਾਵਾਂ ’ਤੇ ਖੜ੍ਹੇ ਕਰਨ ਦੀ ਬਜਾਏ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਵਰਤੋਂ ਕਰਨ।
-ਘਰੋਂ ਨਿਕਲਣ ਤੋਂ ਪਹਿਲਾਂ ਰੂਟ ਦੀ ਜਾਣਕਾਰੀ ਲੈਣ ਲੋਕ
ਅਮਿਤ ਸ਼ਾਹ ਦੀ ਫੇਰੀ ਅਤੇ ਮੇਲੇ ਦੌਰਾਨ ਸ਼ਹਿਰ ਵਿੱਚ ਵਾਹਨਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਬਚਣ ਲਈ ਆਪਣੇ ਸਫ਼ਰ ਦੀ ਪਹਿਲਾਂ ਯੋਜਨਾ ਬਣਾਉਣੀ ਚਾਹੀਦੀ ਹੈ। ਖ਼ਾਸ ਕਰਕੇ ਪੁਰਾਣੇ ਸ਼ਹਿਰ, ਦਰੇਸੀ ਮੈਦਾਨ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਾਣ ਵਾਲੇ ਵਾਹਨ ਚਾਲਕ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਟਰੈਫਿਕ ਪੁਲਿਸ ਵੱਲੋਂ ਮੌਕੇ ਦੀ ਸਥਿਤੀ ਅਨੁਸਾਰ ਵੀ ਆਵਾਜਾਈ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ, ਇਸ ਲਈ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ।