ਜ਼ਰੂਰੀ ਚੀਜ਼ਾਂ ’ਤੇ ਪਾਇਆ ਜਾਵੇ ਕਾਬੂ : ਮੁਹੰਮਦ ਗੁਲਾਬ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਤੇ ਕਾਬੂ ਪਾਇਆ ਜਾਵੇ-ਮੁਹੰਮਦ ਗੁਲਾਬ
Publish Date: Mon, 19 Oct 2026 07:18 PM (IST)
Updated Date: Tue, 20 Oct 2026 04:01 AM (IST)
2 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਧਦੀ ਮਹਿੰਗਾਈ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰ੍ਹੋਂ ਦੇ ਤੇਲ, ਦਾਲਾਂ, ਖੰਡ, ਆਟੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਘਰੇਲੂ ਬਜਟ ਵਿਗੜ ਰਿਹਾ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਮੁਹੰਮਦ ਗੁਲਾਬ ਨੇ ਇੱਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਤਿਉਹਾਰਾਂ ਦਾ ਸਮਾਂ ਖ਼ੁਸ਼ੀਆਂ, ਪਰਿਵਾਰਕ ਮਿਲਣੀਆਂ ਅਤੇ ਖ਼ਰੀਦਦਾਰੀ ਦਾ ਹੁੰਦਾ ਹੈ ਪਰ ਵਧਦੇ ਘਰੇਲੂ ਖ਼ਰਚਿਆਂ ਨੇ ਲੋਕਾਂ ਦੀਆਂ ਖ਼ੁਸ਼ੀਆਂ ਫਿੱਕੀਆਂ ਕਰ ਦਿੱਤੀਆਂ ਹਨ। ਆਮਦਨ ਵਿੱਚ ਲੋੜੀਂਦਾ ਵਾਧਾ ਨਾ ਹੋਣ ਕਾਰਨ ਪਰਿਵਾਰਾਂ ਲਈ ਰਾਸ਼ਨ, ਕੱਪੜਿਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਕਰਨਾ ਔਖਾ ਹੋ ਰਿਹਾ ਹੈ। ਗੁਲਾਬ ਨੇ ਕਿਹਾ ਕਿ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਦਿਹਾੜੀਦਾਰ ਮਜ਼ਦੂਰਾਂ, ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਅਤੇ ਛੋਟੇ ਕਾਰੋਬਾਰੀਆਂ ’ਤੇ ਪੈ ਰਹੀ ਹੈ। ਵਧਦੇ ਖ਼ਰਚਿਆਂ ਕਾਰਨ ਲੋਕਾਂ ਦੀ ਬੱਚਤ ਪ੍ਰਭਾਵਿਤ ਹੋ ਰਹੀ ਹੈ ਅਤੇ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ ਤੇ ਹੋਰ ਮੁੱਢਲੀਆਂ ਲੋੜਾਂ ਪੂਰੀਆਂ ਕਰਨਾ ਵੀ ਚੁਣੌਤੀ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕੇ, ਸਪਲਾਈ ਪ੍ਰਬੰਧ ਮਜ਼ਬੂਤ ਕਰੇ ਅਤੇ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਵਿਰੁੱਧ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਯੋਗ ਪਰਿਵਾਰਾਂ ਤੱਕ ਸਸਤਾ ਰਾਸ਼ਨ ਪਹੁੰਚਾਉਣਾ ਅਤੇ ਆਮ ਲੋਕਾਂ ਦੀ ਖ਼ਰੀਦ ਸ਼ਕਤੀ ਬਚਾਉਣਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ। ਇਸ ਮੌਕੇ ਨਵੀਨ ਸੱਭਰਵਾਲ, ਨਦੀਮ ਸਲਮਾਨੀ, ਮੁਹੰਮਦ ਤਸਲੀਮ, ਅਬਦੁੱਲਾ ਅੰਸਾਰੀ, ਮੇਹਰਬਾਨ ਇਦਰਿਸੀ, ਜਾਵੇਦ ਅਖਤਰ ਅਤੇ ਹੋਰ ਹਾਜ਼ਰ ਸਨ।