- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
9 ਰਾਜਾਂ ਦੇ 20 ਵੈਟਰਨਰੀ ਪਸਾਰ ਕਰਮਚਾਰੀਆਂ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਸਮਾਪਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ’ਚ ਭਾਰਤ ਦੇ ਨੌਂ ਰਾਜਾਂ ਦੇ 20 ਵੈਟਰਨਰੀ ਪਸਾਰ ਕਰਮਚਾਰੀਆਂ ਲਈ ਡੇਅਰੀ ਫਾਰਮਿੰਗ 'ਤੇ ਦੋ ਹਫ਼ਤਿਆਂ ਦਾ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਸੰਪੂਰਨ ਹੋ ਗਿਆ। ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਪਸਾਰ ਮੁਲਾਜ਼ਮਾਂ ਕੋਲ ਪਸ਼ੂ ਪਾਲਣ ਦੇ ਸਾਰੇ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਪਸ਼ੂਆਂ ਦੀ ਸਿਹਤ ਦੀ ਰਾਖੀ ਕਰਨ ਤੇ ਫਾਰਮ ਦੀ ਉਤਪਾਦਕਤਾ ’ਚ ਸੁਧਾਰ ਲਿਆਉਣ ਲਈ ਕਿਸਾਨਾਂ ਨੂੰ 'ਬਾਇਓ-ਸੁਰੱਖਿਆ' ਅਭਿਆਸਾਂ ਬਾਰੇ ਜਾਗਰੂਕ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਭਵਿੱਖ ਦੇ ਸਾਰੇ ਪ੍ਰੋਗਰਾਮਾਂ ਲਈ ਵੀ ਇਸ ਅਦਾਰੇ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡਾ. ਸੰਜੀਵ ਕੁਮਾਰ ਉੱਪਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਨ੍ਹਾਂ ਜੋ ਕੁਝ ਵੀ ਸਿੱਖਿਆ ਹੈ, ਉਸਨੂੰ ਆਪਣੇ-ਆਪਣੇ ਸੂਬਿਆਂ ’ਚ ਲਾਗੂ ਕਰਨ। ਡੇਅਰੀ ਸਰਵਿਸਿਜ਼ ਦੇ ਪੀਆਈਬੀ ਮੁਖੀ, ਡਾ. ਵੀਨੂ ਸੋਢੀ ਨੇ ਪੂਰੇ ਭਾਰਤ ’ਚ ਛੋਟੇ ਡੇਅਰੀ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰ ਕੇ ਉਨ੍ਹਾਂ ਦੇ ਕੰਮ ਨੂੰ ਵਪਾਰਕ ਪੱਧਰ ਤੱਕ ਲਿਜਾਣ ਦੀ ਆਪਣੀ ਵਚਨਬੱਧਤਾ ਪ੍ਰਗਟਾਈ। ਸੀਨੀਅਰ ਮਾਹਰ ਡਾ. ਸੀਬੀ ਸਿੰਘ ਨੇ ਪ੍ਰੋਗਰਾਮ ਦੇ ਬਹੁਤ ਹੀ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਤੇ ਮੁਕਾਬਲੇਬਾਜ਼ਾਂ ਦੇ ਉਤਸ਼ਾਹ ਤੇ ਆਤਮ-ਵਿਸ਼ਵਾਸ ਦੀ ਤਾਰੀਫ਼ ਕੀਤੀ। 'ਬਾਣੀ ਮਿਲਕ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ' ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਨਵਦੀਪ ਕੁਮਾਰ ਧਾਮ ਨੇ ਡੇਅਰੀ ਫਾਰਮਿੰਗ ਬਾਰੇ ਤਜਰਬੇ ਸਾਂਝੇ ਕੀਤੇ। ਡਾ. ਜਸਵਿੰਦਰ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਕਿਹਾ ਕਿ ਪ੍ਰੋਗਰਾਮ ਦੀ ਅਸਲ ਸਫਲਤਾ ਇਹਨਾਂ ਸਿੱਖਿਆਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ’ਚ ਹੈ। ਇਸ ਮੌਕੇ ਵੱਖ-ਵੱਖ ਮਾਹਰਾਂ ਦੇ ਲੈਕਚਰਾਂ ਵਾਲਾ ਇਕ ਸਿਖਲਾਈ ਸੰਗ੍ਰਹਿ ਵੀ ਵੰਡਿਆ। ਪ੍ਰੋਗਰਾਮ ਨੂੰ ਡਾ. ਅਕਸ਼ਿਤਾ ਚੱਢਾ ਤੇ ਡਾ. ਰਵਦੀਪ ਸਿੰਘ ਵੱਲੋਂ ਸੰਚਾਲਿਤ ਕੀਤਾ।