- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਖਿਡਾਰੀਆਂ ਦੇ ਜਜ਼ਬੇ ਨੇ ਜਰਮਨ ਵਿਦਿਆਰਥੀ ਨੂੰ ਬਾਸਕਟਬਾਲ ਸਿੱਖਣ ਲਈ ਕੀਤਾ ਪ੍ਰੇਰਿਤ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੇ ਖਿਡਾਰੀਆਂ ਦਾ ਜੋਸ਼ ਅਤੇ ਖੇਡ ਪ੍ਰਤੀ ਲਗਨ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਕਲਚਰ ਐਜੂਕੇਸ਼ਨ ਲਈ ਜਰਮਨੀ ਤੋਂ ਪੰਜਾਬ ਆਏ ਨਿਊ ਨਾਮ ਦੇ ਵਿਦਿਆਰਥੀ ਨੇ ਮੁੰਡਿਆਂ ਦੀ ਬਾਸਕਟਬਾਲ ਟੀਮ ਨੂੰ ਅਭਿਆਸ ਕਰਦਿਆਂ ਦੇਖਿਆ ਤਾਂ ਉਹ ਉਨ੍ਹਾਂ ਦੀ ਖੇਡ ਭਾਵਨਾ ਤੋਂ ਪ੍ਰਭਾਵਿਤ ਹੋਇਆ। ਇਸ ਤੋਂ ਪ੍ਰੇਰਿਤ ਹੋ ਕੇ ਉਸ ਨੇ ਵੀ ਬਾਸਕਟਬਾਲ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਬਾਸਕਟਬਾਲ ਕੋਚ ਤੇਜਾ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਖੇਡ ਮਾਹੌਲ ਅਤੇ ਖਿਡਾਰੀਆਂ ਦੀ ਮਿਹਨਤ ਦੀ ਪ੍ਰੇਰਨਾਦਾਇਕ ਮਿਸਾਲ ਹੈ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਸਰਕਾਰਾਂ ਨੂੰ ਬਾਸਕਟਬਾਲ ਸਮੇਤ ਹੋਰਨਾਂ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਖੇਡ ਮੈਦਾਨਾਂ ਵਿੱਚ ਬੁਨਿਆਦੀ ਸਹੂਲਤਾਂ, ਖੇਡ ਸਾਮਾਨ, ਯੋਗ ਕੋਚਾਂ ਤੇ ਮੁਕਾਬਲਿਆਂ ਦੇ ਵੱਧ ਮੌਕੇ ਮਿਲਣ ਨਾਲ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਵਿੱਚ ਮਦਦ ਮਿਲੇਗੀ। ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦੀ ਮੈਂਬਰ ਸੋਨੀਆ ਅਲੱਗ ਨੇ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਖੇਡਾਂ ਦੇ ਵਿਕਾਸ ਲਈ ਹੋਰ ਉਪਰਾਲੇ ਕਰੇ ਕਰਨ ਦੇ ਨਾਲ ਨਾਲ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ, ਤਾਂ ਜੋ ਉਹ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾ ਸਕਣ। ਜਰਮਨ ਵਿਦਿਆਰਥੀ ਦਾ ਪੰਜਾਬੀ ਖਿਡਾਰੀਆਂ ਤੋਂ ਪ੍ਰਭਾਵਿਤ ਹੋ ਕੇ ਬਾਸਕਟਬਾਲ ਸਿੱਖਣਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਖੇਡਾਂ ਨਾ ਸਿਰਫ਼ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਦੀਆਂ ਹਨ, ਸਗੋਂ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ।