ਵਿਸ਼ਵ ਸ਼ਾਂਤੀ ਲਈ 474 ਸਹਿਜ ਪਾਠਾਂ ਦੇ ਪਾਏ ਭੋਗ ਵਿਸ਼ਵ ਸ਼ਾਂਤੀ ਲਈ 474 ਸਹਿਜ ਪਾਠਾਂ ਦੇ ਭੋਗ ਪਾਏ ਗਏ
Publish Date: Sun, 18 Oct 2026 09:52 PM (IST)
Updated Date: Mon, 19 Oct 2026 04:10 AM (IST)
37) ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਪਿਛਲੇ ਇਕ ਮਹੀਨੇ ਤੋਂ ਮੌਜੂਦਾ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਦੀ ਪਵਿੱਤਰ ਹਜ਼ੂਰੀ ਅੰਦਰ ਚੱਲ ਰਹੇ ਸਲਾਨਾ ਜੱਪ ਪ੍ਰਯੋਗ ਜਿਸ ਵਿੱਚ ਹਰ ਰੋਜ਼ 15000 ਤੋਂ ਵੱਧ ਸੰਗਤਾਂ ਬੈਠ ਕੇ ਰੋਜ 7 ਘੰਟੇ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ਿਆ ਅੰਮ੍ਰਿਤ ਰੂਪੀ ਨਾਮ ਸਿਮਰਨ ‘ਵਾਹਿਗੁਰੂ’ ਦਾ ਜਾਪ ਕਰਿਆ ਕਰਦੀਆਂ ਸਨ,ਅੱਜ ਅੱਸੂ ਮੇਲੇ ਦੀ ਸੰਪੂਰਨਤਾ ਮੌਕੇ ਵਿਸ਼ਵ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ 474 ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਦਸਮ ਗ੍ਰੰਥ ਸਾਹਿਬ ਜੀ ਦੇ 6 ਪਾਠਾਂ ਦੇ ਭੋਗ ਪਾਏ ਗਏ। ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਹਜ਼ੂਰੀ ਰਾਗੀ ਭਾਈ ਬਲਵੰਤ ਸਿੰਘ ਦੇ ਜਥੇ ਨੇ ਕੀਤਾ।ਇਸ ਮੌਕੇ ਬਿਨ੍ਹਾਂ ਦਾਜ ਤੋਂ 8 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਕੀਤੇ ਗਏ।ਇਸ ਮੌਕੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦਿੰਦਿਆਂ ਸਤਿਗੁਰੂ ਉਦੇ ਸਿੰਘ ਨੇ ਆਖਿਆ ਕਿ ਸਤਿਗੁਰੂ ਜਗਜੀਤ ਸਿੰਘ ਬਚਨ ਕਰਿਆ ਕਰਦੇ ਸਨ ਕਿ ਨਾਮਧਾਰੀ ਪੰਥ ਦੀਆਂ ਜੜ੍ਹਾਂ ਸਤਿਗੁਰੂ ਰਾਮ ਸਿੰਘ ਨੇ ਪਤਾਲ ਵਿੱਚ ਰੱਖੀਆਂ ਹਨ,ਜਿਸ ਕਰਕੇ ਇਹ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ। ਸਤਿਗੁਰੂ ਉਦੇ ਸਿੰਘ ਨੇ ਅੱਗੇ ਉਪਦੇਸ਼ ਦਿੰਦਿਆਂ ਆਖਿਆ ਕਿ ਗੁਰਬਾਣੀ ਪੜ੍ਹਨ ,ਨਾਮ ਸਿਮਰਨ ਕਰਨ ਅਤੇ ਸੇਵਾ ਕਰਨ ਨਾਲ ਮਨ ਨਿਰਮਲ ਹੁੰਦਾ ਹੈ ਅਤੇ ਮਨ ਵਿੱਚ ਨਿਮਰਤਾ ਆਉਂਦੀ ਹੈ,ਜਦੋਂ ਸਾਡੇ ਮਨ ਅੰਦਰੋ ਮੈਂ ਦੀ ਹਊਮੈਂ ਨਿਕਲ ਜਾਵੇਗੀ ਤਾਂ ਸੱਭ ਝਗੜੇ ਮੁੱਕ ਜਾਣਗੇ,ਦੁੱਖਾਂ ਦਾ ਨਾਸ਼ ਹੋਵੇਗਾ।ਉਨ੍ਹਾਂ ਆਖਿਆ ਕਿ ਪੂਰਾ ਮਹੀਨਾ ਗੁਰੂ ਰਵਿਦਾਸ ਜੀ ਦਾ 650ਵਾਂ ਸਲਾਨਾ ਪ੍ਰਕਾਸ਼ ਪੁਰਬ ਨਾਮਧਾਰੀ ਸੰਗਤ ਵੱਲੋਂ ਭੈਣੀ ਸਾਹਿਬ (ਲੁਧਿਆਣਾ) ਵਿੱਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪੰਥ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸੱਭ ਦਾ ਸਾਂਝਾ ਹੈ, ਇਸ ਲਈ ਧਰਮ ਦੇ ਨਾਂ ‘ਤੇ ਆਪਣੇ ਲਾਲਚ ਲਈ ਲੜਾਈ-ਝਗੜੇ ਬੰਦ ਕਰੋ।ਉਨ੍ਹਾਂ ਸੰਗਤਾਂ ਨੂੰ 11000 ਸ੍ਰੀ ਸਹਿਜ ਪਾਠਾਂ ਦੀ ਚੱਲ ਰਹੀ ਲੜੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਰੋਜ਼ਾਨਾ ਅਰਦਾਸ ਵਿੱਚ ਨਾਮ ਦਾਨ,ਸਬਰ ਸੰਤੋਖ,ਸਿੱਖੀ ਤੇ ਸਰਬੱਤ ਦਾ ਭਲਾ ਮੰਗੋ। ਇਸ ਮੌਕੇ ਧਾਰਮਿਕ ਮੇਲੇ ਦੀ ਸੇਵਾ ਤਰਸੇਮ ਚੰਦ ਮਿੱਤਲ ਅਤੇ ਸੂਬਾ ਅਤੁੱਲ ਮਿੱਤਲ ਦੇ ਪਰਿਵਾਰ ਵੱਲੋਂ ਕੀਤੀ ਗਈ।ਇਸ ਮੌਕੇ ਮਾਤਾ ਗੁਰਸ਼ਰਨ ਕੌਰ,ਸੰਤ ਜਗਤਾਰ ਸਿੰਘ,ਸੇਵਕ ਕਰਤਾਰ ਸਿੰਘ,ਸੇਵਕ ਆਸਾ ਸਿੰਘ ਮਾਨ,ਸੂਬਾ ਬਲਵਿੰਦਰ ਸਿੰਘ ਝੱਲ ਅਤੇ ਪ੍ਰੈੱਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਮੌਜੂਦ ਸਨ।