- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੇ ਕੀਤਾ ਸ੍ਰੀਰਾਮ ਦੇ ਆਦਰਸ਼ਾਂ ਦਾ ਮੰਚਨ

ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਸਿਧਾਰਥ ਪਬਲਿਕ ਸਕੂਲ ’ਚ ਦੁਸਹਿਰੇ ਦੇ ਪਾਵਨ ਮੌਕੇ ’ਤੇ ਰਾਮਲੀਲਾ ਦਾ ਸ਼ਾਨਦਾਰ ਅਤੇ ਆਕਰਸ਼ਕ ਮੰਚਨ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਦੇ ਜੀਵਨ ਆਦਰਸ਼ਾਂ ਤੋਂ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੰਗਲਾਚਰਣ ਤੇ ਭਗਵਾਨ ਸ਼੍ਰੀਰਾਮ ਦੇ ਸਿਮਰਨ ਨਾਲ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਰਾਮਲੀਲ੍ਹਾ ਰਾਹੀਂ ਰਾਮਾਇਣ ਦੇ ਪ੍ਰਮੁੱਖ ਪ੍ਰਸੰਗਾਂ, ਜਿਵੇਂ ਕਿ ਸ਼੍ਰੀਰਾਮ ਦਾ ਜਨਮ, ਸੀਤਾ ਹਰਨ, ਹਨੂੰਮਾਨ ਦੀ ਭਗਤੀ ਤੇ ਰਾਵਣ ਬੱਧ ਦਾ ਜੀਵੰਤ ਤੇ ਪ੍ਰਭਾਵਸ਼ਾਲੀ ਮੰਚਨ ਕੀਤਾ। ਭਗਵਾਨ ਸ਼੍ਰੀਰਾਮ, ਮਾਤਾ ਸੀਤਾ, ਲਕਸ਼ਮਣ, ਹਨੂੰਮਾਨ ਜੀ ਅਤੇ ਰਾਵਣ ਦੇ ਕਿਰਦਾਰ ਨਿਭਾਉਣ ਵਾਲੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਸੰਵਾਦਾਂ, ਸ਼ਾਨਦਾਰ ਅਦਾਕਾਰੀ ਤੇ ਭਾਵਪੂਰਨ ਪੇਸ਼ਕਾਰੀ ਨਾਲ ਸਾਰਿਆਂ ਦਾ ਮਨ ਮੋਹ ਲਿਆ। ਮੰਚਨ ਰਾਹੀਂ ਭਗਵਾਨ ਸ਼੍ਰੀਰਾਮ ਦੀ ਮਰਿਆਦਾ, ਸੱਚਾਈ, ਫਰਜ਼ ਪ੍ਰਤੀ ਸਮਰਪਣ ਤੇ ਧਰਮ ਦੇ ਮਾਰਗ ’ਤੇ ਚੱਲਣ ਦੇ ਆਦਰਸ਼ਾਂ ਨੂੰ ਬਾਖੂਬੀ ਦਰਸਾਇਆ। ਉੱਥੇ ਹੀ ਰਾਵਣ ਦੇ ਹੰਕਾਰ ਅਤੇ ਉਸ ਦੇ ਅੰਤ ਦੇ ਪ੍ਰਸੰਗ ਨੇ ਇਹ ਸੰਦੇਸ਼ ਦਿੱਤਾ ਕਿ ਅੰਤ ਵਿੱਚ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ ਤੇ ਬੁਰਾਈ ਦਾ ਅੰਤ ਨਿਸ਼ਚਿਤ ਹੈ। ਇਸ ਸੱਭਿਆਚਾਰਕ ਸਮਾਗਮ ਦੌਰਾਨ ਸਕੂਲ ਦਾ ਮਾਹੌਲ ਭਗਤੀ ਨਾਲ ਭਰ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਜੋਸ਼ ਤੇ ਸ਼ਰਧਾ ਨਾਲ ਇਸ ਵਿਚ ਹਿੱਸਾ ਲਿਆ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਦੇ ਨਾਲ-ਨਾਲ ਜੀਵਨ ਵਿੱਚ ਚੰਗੇ ਸੰਸਕਾਰ ਅਪਣਾਉਣ ਲਈ ਵੀ ਪ੍ਰੇਰਿਆ। ਇਸ ਮੌਕੇ ਅਨੁਰਾਧਾ ਜੈਨ, ਆਰਤੀ ਜੈਨ, ਯੁਕਤੀ ਜੈਨ, ਸ਼ਿਲਪਾ ਜੈਨ, ਅੰਜਲੀ ਵਰਮਾ ਅਤੇ ਸਾਕਸ਼ੀ ਚੈਤਲੀ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।