- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਭਵਨ ਵਿਖੇ ‘ਪੰਜਾਬ ਸਿਆਸਤ ਅਤੇ ਸਮਕਾਲ’ ਪੁਸਤਕ ਲੋਕ ਅਰਪਣ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਅਹਿਮ ਸ਼ਖਸੀਅਤਾਂ ਵੱਲੋਂ ਗੁਰਪ੍ਰੀਤ ਸਿੰਘ ਤੂਰ, ਡਾ. ਬਲਵੰਤ ਸਿੰਘ ਸੰਧੂ ਤੇ ਡਾ. ਕੁਲਦੀਪ ਸਿੰਘ ਵੱਲੋਂ ਸੰਪਾਦਿਤ ‘ਪੰਜਾਬ ਸਿਆਸਤ ਅਤੇ ਸਮਕਾਲ’ ਨਾਮਕ ਪੁਸਤਕ ਪੰਜਾਬੀ ਭਵਨ ਵਿਖੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪਦਮ ਵਿਭੂਸ਼ਣ ਸੰਬੋਧਨ ਕਰਦੇ ਹੋਏ ਡਾ. ਸਰਦਾਰਾ ਸਿੰਘ ਜੌਹਲ ਨੇ ਲੇਖਕਾਂ ਦੇ ਸਾਰਥਕ ਯਤਨ ਦੀ ਸ਼ਲਾਘਾ ਕੀਤੀ। ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀਆਂ ਨੂੰ ਪ੍ਰਤਾਪ ਸਿੰਘ ਕੈਰੋਂ ਤੇ ਲਛਮਣ ਸਿੰਘ ਗਿੱਲ ਤੋਂ ਇਲਾਵਾ ਜਸਟਿਸ ਗੁਰਨਾਮ ਸਿੰਘ ਦੀ ਦੂਰ ਦਰਸ਼ਤਾ ਨੂੰ ਵੀ ਸਤਿਕਾਰ ਦੇਣਾ ਬਣਦਾ ਹੈ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਪੰਚਮ ਸ਼ਤਾਬਦੀ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਤੋਂ ਇਲਾਵਾ ਪੰਜਾਬ ਦੇ ਕਸਬਿਆਂ ਤੇ ਸ਼ਹਿਰਾਂ ਵਿੱਚ ਪੰਜਾਹ ਤੋਂ ਵੱਧ ਕਾਲਜ ਸਥਾਪਤ ਕੀਤੇ।
ਇਸ ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਸ ਪੁਸਤਕ ਵਿਚ ਵੱਖ-ਵੱਖ 20 ਸਿਰਕੱਢ ਵਿਚਾਰਵਾਨਾਂ ਦੇ ਲੇਖ ਹਨ। ਕੌਮੀ ਸਨਮਾਨ ਪੁਰਸਕਾਰ ਵਿਜੇਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਪ੍ਰੋ. ਮੋਹਨ ਸਿੰਘ ਦੀ ਗ਼ਜ਼ਲ” ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ”ਗਾ ਕੇ ਵਿਰਸੇ ਦਾ ਚੇਤਾ ਕਰਵਾਇਆ।
ਡਾ. ਬਲਵੰਤ ਸਿੰਘ ਸੰਧੂ ਦੀ ਸਕੂਲ ਪੜ੍ਹਦੀ ਬੇਟੀ ਨੇ ਪੁਸਤਕ ਸੱਭਿਆਚਾਰ ਲਈ ਜੀਵੇ ਪੰਜਾਬ ਸੰਸਥਾ ਵੱਲੋਂ ਕੀਤੇ ਯਤਨਾਂ ਨੂੰ ਵੀ ਸਲਾਹਿਆ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਉੱਘੇ ਫੋਟੋ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ, ਜਨਮੇਜਾ ਸਿੰਘ ਜੌਹਲ, ਮੰਡੀਕਰਨ ਬੋਰਡ ਦੇ ਸਾਬਕਾ ਜਨਰਲ ਮੈਨੇਜਰ ਹਰਪ੍ਰੀਤ ਸਿੰਘ ਸਿੱਧੂ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਨਿਰਮਲ ਜੌੜਾ, ਸਹਿਜਪ੍ਰੀਤ ਮਾਂਗਟ, ਜਸਮੇਰ ਢੱਟ, ਕਰਮਜੀਤ ਗਰੇਵਾਲ, ਸਮਾਜ ਸੇਵੀ ਬੀਬੀ ਦਲਜੀਤ ਕੌਰ, ਵਾਤਾਵਰਣ ਪ੍ਰੇਮੀ ਜਗਜੀਤ ਸਿੰਘ ਗਿੱਲ, ਡਾ. ਮਾਨ ਸਿੰਘ ਤੂਰ, ਬ੍ਰਿਜ ਭੂਸ਼ਣ ਗੋਇਲ, ਪ੍ਰੋ. ਗੁਰਚਰਨ ਸਿੰਘ, ਸੇਵਾ ਮੁਕਤ ਆਈਏਐੱਸ ਅਧਿਕਾਰੀ ਹਰਚਰਨਜੀਤ ਸਿੰਘ, ਜੇਪੀ ਸਿੰਘ ਸਾਬਕਾ ਏਡੀਸੀ, ਡਾ. ਰੁਪਿੰਦਰ ਕੌਰ ਤੂਰ, ਇੰਦਰਜੀਤ ਕੌਰ ਆਦਿ ਹਾਜ਼ਰ ਸਨ।
-ਕੈਨੇਡੀਅਨ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ ‘ਮਨ ਬਉਰਾ’ ਰਿਲੀਜ਼
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਕੈਨੇਡਾ ਵਾਸੀ ਪੰਜਾਬੀ ਕਵਿੱਤਰੀ ਬਿੰਦੂ ਦਲਵੀਰ ਕੌਰ ਦਾ ਗ਼ਜ਼ਲ ਸੰਗ੍ਰਹਿ ‘ਮਨ ਬਉਰਾ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਆਪਣੇ ਇਸ ਤੀਸਰੇ ਗ਼ਜ਼ਲ ਸੰਗ੍ਰਹਿ ਮਨ ਬਉਰਾ ਤੋਂ ਪਹਿਲਾਂ ਉਹ ਸੁਰ ਇਲਾਹੀ ਤੇ ਹਰਫ਼ ਇਲਾਹੀ ਵਿੱਚ ਵੀ ਆਪਣੀ ਕਲਮ ਦਾ ਲੋਹਾ ਮੰਨਵਾ ਚੁੱਕੀ ਹੈ। ਚੌਕੀਮਾਨ ਦੀ ਜੰਮਪਲ ਇਸ ਕਵਿੱਤਰੀ ਨੇ ਕਵਿਤਾ ਦੀ ਗੁੜ੍ਹਤੀ ਆਪਣੇ ਮਾਮਾ ਤੇ ਯੂਕੇ ਵੱਸਦੇ ਪੰਜਾਬੀ ਕਵੀ ਡਾ. ਤਾਰਾ ਸਿੰਘ ਆਲਮ ਤੋਂ ਹਾਸਲ ਕੀਤੀ। ਪੁਸਤਕ ਬਾਰੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਬਿੰਦੂ ਦਾ ਰਚਨਾ ਸੰਸਾਰ ਬਿਲਕੁਲ ਨਿਵੇਕਲਾ ਤੇ ਵਿਸਮਾਦ ਜਗਤ ਦੀ ਅੰਦਰੂਨੀ ਥਾਹ ਪਾਉਣ ਵਾਲਾ ਹੈ। ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਪੁਸਤਕ ਵਿਚਲੀ ਸੰਗੀਤਕਤਾ ਮਨ ਮੋਹਕ ਹੈ। ਵਿਸ਼ਵ ਪੰਜਾਬੀ ਕਾਂਗਰਸ ਦੇ ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ ਨੇ ਵੀ ਇਸ ਪੁਸਤਕ ਦੇ ਸੱਜਰੇਪਨ ਨੂੰ ਸਲਾਹਿਆ।