- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਲੁਜ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਜੰਗਲਾਂ ਦੀ ਹਰਿਆਲੀ ਵਧੀ, ਤਾਜਪੁਰ ’ਚ ਗੰਦੇ ਪਾਣੀ ਦੇ ਨਿਕਾਸ ’ਤੇ ਉੱਠੇ ਸਵਾਲ

-ਪੀਏਸੀ ਦੀ ਜਾਂਚ ’ਚ ਮੱਤੇਵਾੜਾ ਤੇ ਸਲੇਮਪੁਰ ਦੇ ਬੂਟਿਆਂ ਦੀ 90 ਫ਼ੀਸਦੀ ਸਾਂਭ-ਸੰਭਾਲ ਦਾ ਦਾਅਵਾ
23, 24)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਤਲੁਜ ਦੇ ਹੜ੍ਹ ਪ੍ਰਭਾਵਿਤ ਮੈਦਾਨਾਂ, ਮੱਤੇਵਾੜਾ ਦੇ ਜੰਗਲਾਂ ਤੇ ਬੁੱਢੇ ਦਰਿਆ ਦੇ ਪ੍ਰਦੂਸ਼ਿਤ ਖੇਤਰ ਦਾ ਜਾਇਜ਼ਾ ਲੈਣ ਵਾਲੀ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਨੇ ਜੰਗਲਾਂ ਦੀ ਬਹਾਲੀ ਦੇ ਯਤਨਾਂ ’ਤੇ ਤਸੱਲੀ ਪ੍ਰਗਟਾਈ ਹੈ, ਜਦਕਿ ਧਨਾਨਸੂ ਇੰਟੀਗ੍ਰੇਟਿਡ ਇੰਡਸਟਰੀਅਲ ਪਾਰਕ ’ਚ ਸਨਅਤੀ ਗੰਦੇ ਪਾਣੀ ਦੇ ਪ੍ਰਬੰਧ ਤੇ ਤਾਜਪੁਰ ’ਚ ਟ੍ਰੀਟਮੈਂਟ ਪਲਾਂਟਾਂ ਦੇ ਨਿਕਾਸੀ ਪਾਣੀ ਦੀ ਹਾਲਤ ’ਤੇ ਸਵਾਲ ਕੀਤੇ ਹਨ। ਕਮੇਟੀ ਨੇ ਸਬੰਧਤ ਵਿਭਾਗਾਂ ਤੋਂ ਪਾਣੀ ਦੇ ਨਮੂਨਿਆਂ ਦੀ ਵਿਗਿਆਨਕ ਜਾਂਚ ਕਰਵਾਉਣ, ਟ੍ਰੀਟਮੈਂਟ ਪਲਾਂਟਾਂ ਦੇ ਰਿਕਾਰਡ ਜਨਤਕ ਕਰਨ ਤੇ ਵਾਤਾਵਰਨ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਪੀਏਸੀ ਦੀ ਟੀਮ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਜੰਗਲਾਂ ਦੀ ਹਾਲਤ, ਸਿੰਜਾਈ ਪ੍ਰਬੰਧਾਂ, ਉਦਯੋਗਿਕ ਗੰਦੇ ਪਾਣੀ ਦੇ ਨਿਕਾਸ ਤੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਜਾਇਜ਼ਾ ਲਿਆ। ਟੀਮ ’ਚ ਕਰਨਲ ਸੀਐੱਮ ਲਖਨਪਾਲ, ਐਡਵੋਕੇਟ ਆਰਐੱਸ ਅਰੋੜਾ, ਮਹਿੰਦਰ ਸਿੰਘ ਸੇਖੋਂ, ਦਾਨ ਸਿੰਘ ਓਸਾਹਨ, ਮਨਿੰਦਰਜੀਤ ਸਿੰਘ ਬੇਨੇਪਾਲ, ਐਡਵੋਕੇਟ ਯੋਗੇਸ਼ ਖੰਨਾ ਅਤੇ ਮਨਜਿੰਦਰ ਸਿੰਘ ਗਰੇਵਾਲ ਸ਼ਾਮਲ ਸਨ। ਕਮੇਟੀ ਨੇ ਜੁਲਾਈ 2026 ’ਚ ਸਲੇਮਪੁਰ ਫਾਰੈਸਟ ਗ੍ਰੀਨ ਲਿੰਕ ਕੋਰੀਡੋਰ ਅਤੇ ਜੁਲਾਈ 2025 ’ਚ ਮੱਤੇਵਾੜਾ ਜੰਗਲਾਂ ਦੇ ਪਲਾਟ ਨੰਬਰ 18 ’ਚ ਲਗਾਏ ਬੂਟਿਆਂ ਦਾ ਨਿਰੀਖਣ ਕੀਤਾ। ਪੀਏਸੀ ਅਨੁਸਾਰ ਇਨ੍ਹਾਂ ਥਾਵਾਂ ’ਤੇ ਬੂਟਿਆਂ ਦਾ ਵਿਕਾਸ ਉਤਸ਼ਾਹਜਨਕ ਹੈ ਅਤੇ ਲਗਭਗ 90 ਫ਼ੀਸਦੀ ਪੌਦਿਆਂ ਦੇ ਜਿਉਂਦੇ ਰਹਿਣ ਤੇ ਵਿਕਾਸ ਕਰਨ ਦਾ ਅਨੁਮਾਨ ਹੈ। ਕਮੇਟੀ ਨੇ ਜੰਗਲਾਤ ਵਿਭਾਗ ਦੀ ਮੱਟੇਵਾੜਾ ਰੇਂਜ ਦੀ ਟੀਮ, ਵਾਤਾਵਰਨ ਪ੍ਰੇਮੀਆਂ ਤੇ ਬੂਟੇ ਲਾਉਣ ਵਾਲੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਹਾਲਾਂਕਿ ਕੁੱਝ ਥਾਵਾਂ ’ਤੇ ਬੂਟਿਆਂ ਨੂੰ ਪਾਣੀ ਦੀ ਲੋੜ ਮਹਿਸੂਸ ਕੀਤੀ। ਪੀਏਸੀ ਨੇ ਸਿੰਜਾਈ ਦੇ ਪ੍ਰਬੰਧ ਮਜ਼ਬੂਤ ਕਰਨ ਤੇ ਬੂਟਿਆਂ ਦੇ ਜਿਉਂਦੇ ਰਹਿਣ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ। ਟੀਮ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦਿੱਤੇ ਗਏ ਸੂਰਜੀ ਊਰਜਾ ਨਾਲ ਚੱਲਣ ਵਾਲੇ ਮੋਟਰ ਅਤੇ ਪੈਨਲ ਸਿਸਟਮ ਦੇ ਖੁੱਲ੍ਹੇ ’ਚ ਬਿਨਾਂ ਦੇਖਭਾਲ ਪਏ ਹੋਣ ਦਾ ਵੀ ਜ਼ਿਕਰ ਕੀਤਾ। ਕਮੇਟੀ ਨੇ ਵਣ ਵਿਭਾਗ ਨੂੰ ਇਸ ਦੀ ਜਾਂਚ ਕਰਕੇ ਮੁਰੰਮਤ ਅਤੇ ਸੁਰੱਖਿਅਤ ਸਥਾਪਨਾ ਯਕੀਨੀ ਬਣਾਉਣ ਲਈ ਕਿਹਾ। ਧਨਾਨਸੂ ਇੰਟੀਗ੍ਰੇਟਿਡ ਇੰਡਸਟਰੀਅਲ ਪਾਰਕ ਦੇ ਦੌਰੇ ਦੌਰਾਨ ਪੀਏਸੀ ਨੇ ਗ੍ਰਾਸਿਮ ਪੇਂਟਸ, ਗੱਤਾ ਨਿਰਮਾਣ ਯੂਨਿਟ, ਹੀਰੋ ਈ-ਸਾਈਕਲਜ਼ ਤੇ ਟਾਟਾ ਸਟੀਲ ਵਰਗੀਆਂ ਇਕਾਈਆਂ ’ਚੋਂ ਨਿਕਲਣ ਵਾਲੇ ਉਦਯੋਗਿਕ ਗੰਦੇ ਪਾਣੀ ਦੇ ਇਕੱਠ, ਸੋਧ ਤੇ ਅੰਤਿਮ ਨਿਕਾਸ ਬਾਰੇ ਸਵਾਲ ਕੀਤੇ। ਕਮੇਟੀ ਅਨੁਸਾਰ, ਮਾਸਟਰ ਪਲਾਨ ’ਚ ਦਰਸਾਈਆਂ ਥਾਵਾਂ ’ਤੇ ਸਾਂਝੇ ਗੰਦੇ ਪਾਣੀ ਦੇ ਸੋਧ ਪਲਾਂਟ (ਸੀਈਟੀਪੀ) ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦਾ ਸਪੱਸ਼ਟ ਤੌਰ ’ਤੇ ਚਾਲੂ ਬੁਨਿਆਦੀ ਢਾਂਚਾ ਦਿਖਾਈ ਨਹੀਂ ਦਿੱਤਾ। ਪੀਏਸੀ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਗਲਾਡਾ ਅਤੇ ਸਬੰਧਤ ਉਦਯੋਗਿਕ ਅਥਾਰਟੀਆਂ ਤੋਂ ਪਲਾਂਟਾਂ ਦੀ ਸਥਿਤੀ, ਉਦਯੋਗਾਂ ਦੀਆਂ ਮਨਜ਼ੂਰੀਆਂ, ਗੰਦੇ ਪਾਣੀ ਦੀ ਮਾਤਰਾ, ਸੋਧ ਸਮਰੱਥਾ ਤੇ ਅੰਤਿਮ ਨਿਕਾਸ ਦੇ ਸਥਾਨਾਂ ਬਾਰੇ ਰਿਕਾਰਡ ਜਨਤਕ ਕਰਨ ਦੀ ਮੰਗ ਕੀਤੀ। ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਂਝੇ ਸੋਧ ਪਲਾਂਟ ਦਾ ਦਿਖਾਈ ਨਾ ਦੇਣਾ ਆਪਣੇ ਆਪ ’ਚ ਗੈਰ-ਕਾਨੂੰਨੀ ਨਿਕਾਸ ਦਾ ਸਬੂਤ ਨਹੀਂ ਹੈ, ਪਰ ਇਸ ਸਬੰਧੀ ਪਾਰਦਰਸ਼ੀ ਜਾਣਕਾਰੀ ਦੀ ਘਾਟ ਦੀ ਜਾਂਚ ਹੋਣੀ ਚਾਹੀਦੀ ਹੈ।
-ਬਾਕਸ-
-ਤਾਜਪੁਰ ’ਚ ਤਿੰਨ ਪਲਾਂਟਾਂ ਦੇ ਨਿਕਾਸੀ ਪਾਣੀ ਦੀ ਜਾਂਚ ਦੀ ਮੰਗ
ਪੀਏਸੀ ਅਨੁਸਾਰ ਤਾਜਪੁਰ ਦੇ ਪ੍ਰਦੂਸ਼ਣ ਵਾਲੇ ਤਿਕੋਣੀ ਸਥਾਨ ’ਤੇ 40 ਐੱਮਐੱਲਡੀ ਅਤੇ 50 ਐੱਮਐੱਲਡੀ ਸਮਰੱਥਾ ਵਾਲੇ ਦੋ ਸਾਂਝੇ ਗੰਦੇ ਪਾਣੀ ਦੇ ਸੋਧ ਪਲਾਂਟਾਂ ਅਤੇ 225 ਐੱਮਐੱਲਡੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨਿਕਾਸੀ ਸਥਾਨਾਂ ’ਤੇ ਕਾਫ਼ੀ ਮਾਤਰਾ ’ਚ ਪਾਣੀ ਵਗਦਾ ਦਿਖਾਈ ਦਿੱਤਾ। ਟੀਮ ਨੇ ਪਾਣੀ ਦਾ ਰੰਗ ਭੂਰਾ ਤੇ ਸਲੇਟੀ ਹੋਣ ਤੇ ਤੇਜ਼ ਬਦਬੂ ਆਉਣ ਦਾ ਜ਼ਿਕਰ ਕੀਤਾ।ਕਮੇਟੀ ਨੇ ਇਨ੍ਹਾਂ ਹਾਲਾਤ ਨੂੰ ਗੰਭੀਰ ਦੱਸਦਿਆਂ ਤਿੰਨਾਂ ਪਲਾਂਟਾਂ ਦੇ ਅੰਦਰ ਆਉਣ ਵਾਲੇ ਤੇ ਬਾਹਰ ਜਾਣ ਵਾਲੇ ਪਾਣੀ ਦੇ ਨਮੂਨੇ ਇੱਕੋ ਸਮੇਂ ਲੈ ਕੇ ਮਾਨਤਾ ਪ੍ਰਾਪਤ ਲੈਬੋਰੇਟਰੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਜਾਂਚ ’ਚ ਬੀਓਡੀ, ਸੀਓਡੀ, ਟੀਐੱਸਐੱਸ, ਟੀਡੀਐੱਸ, ਪੀਐੱਚ, ਅਮੋਨੀਆ ਤੇ ਭਾਰੀ ਧਾਤਾਂ ਸਮੇਤ ਲਾਗੂ ਮਾਪਦੰਡਾਂ ਦੀ ਜਾਂਚ ਕਰਨ ਲਈ ਕਿਹਾ ਗਿਆ। ਪੀਏਸੀ ਨੇ ਮੰਨਿਆ ਕਿ ਸਿਰਫ਼ ਰੰਗ ਤੇ ਬਦਬੂ ਦੇ ਆਧਾਰ ’ਤੇ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਪਾਣੀ ਬਿਨਾਂ ਸੋਧੇ ਛੱਡਿਆ ਜਾ ਰਿਹਾ ਹੈ ਜਾਂ ਨਿਰਧਾਰਤ ਮਾਪਦੰਡਾਂ ਤੋਂ ਬਾਹਰ ਹੈ। ਇਸ ਲਈ ਵਿਗਿਆਨਕ ਜਾਂਚ ਅਤੇ ਪਲਾਂਟਾਂ ਦੇ ਰਿਕਾਰਡ ਦੀ ਪੜਤਾਲ ਜ਼ਰੂਰੀ ਹੈ।
-ਬਾਕਸ-
-ਬੁੱਢੇ ਦਰਿਆ ਤੇ ਸਤਲੁਜ ਦੀ ਨਿਯਮਤ ਜਾਂਚ ਦੀ ਮੰਗ
ਕਮੇਟੀ ਨੇ ਜਨਤਾ ਘਾਟ ਨੇੜੇ ਪਿੱਪਲ ਦੇ ਦਰੱਖਤ ਦੀ ਹਾਲਤ ਦਾ ਵੀ ਜਾਇਜ਼ਾ ਲਿਆ। ਪੀਏਸੀ ਅਨੁਸਾਰ ਦਰੱਖਤ ’ਚ ਸੁਧਾਰ ਦੇ ਕੁੱਝ ਸੰਕੇਤ ਦਿਖਾਈ ਦਿੱਤੇ, ਹਾਲਾਂਕਿ ਇਸ ਦੇ ਪੱਤੇ ਅਜੇ ਵੀ ਘੱਟ ਸਨ। ਕਮੇਟੀ ਨੇ ਰੁੱਖ ਦੀ ਨਿਯਮਤ ਦੇਖਭਾਲ ਤੇ ਮਾਹਿਰਾਂ ਰਾਹੀਂ ਨਿਗਰਾਨੀ ਦੀ ਲੋੜ ਦੱਸੀ।ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੇੜੇ ਪਾਣੀ ’ਚ ਪ੍ਰਦੂਸ਼ਣ ਦੇ ਸਪੱਸ਼ਟ ਦਿੱਖਣ ਵਾਲੇ ਸੰਕੇਤ ਨਾ ਮਿਲਣ ਦਾ ਵੀ ਜ਼ਿਕਰ ਕੀਤਾ। ਹਾਲਾਂਕਿ ਪੀਏਸੀ ਨੇ ਕਿਹਾ ਕਿ ਸਿਰਫ਼ ਦੇਖਣ ਨਾਲ ਪਾਣੀ ਦੀ ਅਸਲ ਗੁਣਵੱਤਾ ਦਾ ਪਤਾ ਨਹੀਂ ਲੱਗ ਸਕਦਾ, ਇਸ ਲਈ ਸਮੇਂ-ਸਮੇਂ ’ਤੇ ਵਿਗਿਆਨਕ ਜਾਂਚ ਹੋਣੀ ਚਾਹੀਦੀ ਹੈ। ਟੀਮ ਨੇ ਇਸ ਸਥਾਨ ’ਤੇ ਸੜਕ ਨਿਰਮਾਣ ਦੇ ਸਪੱਸ਼ਟ ਸੰਕੇਤ ਨਾ ਦੇਖਣ ਦਾ ਜ਼ਿਕਰ ਕਰਦਿਆਂ ਸਬੰਧਤ ਵਿਭਾਗਾਂ ਤੋਂ ਪ੍ਰਸਤਾਵਿਤ ਸੜਕ ਦੀ ਸਥਿਤੀ ਤੇ ਵਾਤਾਵਰਨ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਮੰਗੀ।
-ਬਾਕਸ-
-ਸੱਤ ਦਿਨਾਂ ’ਚ ਜਵਾਬ ਦੇਣ ਦੀ ਮੰਗ
ਪੀਏਸੀ ਨੇ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਨਿਗਮ, ਗਲਾਡਾ ਅਤੇ ਜੰਗਲਾਤ ਵਿਭਾਗ ਤੋਂ ਤਾਜਪੁਰ ਦੇ ਤਿੰਨਾਂ ਪਲਾਂਟਾਂ ਦੀ ਸੁਤੰਤਰ ਜਾਂਚ, ਰਾਤ ਸਮੇਂ ਅਚਨਚੇਤ ਨਿਰੀਖਣ, ਧਨਾਨਸੂ ਉਦਯੋਗਿਕ ਪਾਰਕ ਦੇ ਗੰਦੇ ਪਾਣੀ ਦੇ ਪ੍ਰਬੰਧ ਦਾ ਆਡਿਟ ਅਤੇ ਜਾਂਚ ਰਿਪੋਰਟਾਂ ਜਨਤਕ ਕਰਨ ਦੀ ਮੰਗ ਕੀਤੀ ਹੈ। ਕਮੇਟੀ ਨੇ ਕਿਹਾ ਕਿ ਜਿੱਥੇ ਨਿਯਮਾਂ ਦੀ ਉਲੰਘਣਾ ਸਾਬਤ ਹੁੰਦੀ ਹੈ, ਉੱਥੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਮੱਤੇਵਾੜਾ ਤੇ ਸਲੇਮਪੁਰ ’ਚ ਪੌਦਿਆਂ ਦੀ ਸਾਂਭ-ਸੰਭਾਲ, ਸੂਰਜੀ ਸਿੰਜਾਈ ਪ੍ਰਣਾਲੀ ਦੀ ਮੁਰੰਮਤ ਅਤੇ ਬੁੱਢੇ ਦਰਿਆ ਤੇ ਸਤਲੁਜ ਦੇ ਪਾਣੀ ਦੀ ਨਿਯਮਤ ਜਾਂਚ ਦੀ ਮੰਗ ਕੀਤੀ ਗਈ। ਪੀਏਸੀ ਨੇ ਸਬੰਧਤ ਅਧਿਕਾਰੀਆਂ ਨੂੰ ਸੱਤ ਦਿਨਾਂ ’ਚ ਮੁੱਢਲਾ ਜਵਾਬ ਦੇਣ ਅਤੇ ਸਮਾਂਬੱਧ ਕਾਰਜ ਯੋਜਨਾ ਜਾਰੀ ਕਰਨ ਲਈ ਕਿਹਾ ਹੈ। ਕਮੇਟੀ ਨੇ ਕਿਹਾ ਕਿ ਜੰਗਲਾਂ ਦੀ ਬਹਾਲੀ ਦੇ ਨਾਲ ਦਰਿਆਵਾਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਵੀ ਜ਼ਰੂਰੀ ਹੈ। ਵਾਤਾਵਰਨ ਦੀ ਸੁਰੱਖਿਆ ਲਈ ਸਨਅਤੀ ਵਿਕਾਸ ਦੇ ਨਾਲ ਗੰਦੇ ਪਾਣੀ ਦੀ ਸਹੀ ਸੋਧ, ਪਾਰਦਰਸ਼ੀ ਨਿਗਰਾਨੀ ਤੇ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।