- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਤੋਂ ਪਹਿਲਾਂ ਫੂਡ ਸੇਫਟੀ ਟੀਮ ਦੀ ਸਖ਼ਤੀ, 650 ਕਿਲੋ ਪਨੀਰ ਫੜਿਆ

ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਤਿਉਹਾਰਾਂ ਦੇ ਮੱਦੇਨਜ਼ਰ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਨੇ ਮਿਲਾਵਟਖੋਰੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਫੂਡ ਸੇਫਟੀ ਟੀਮ ਨੇ ਸ਼ਹਿਰ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਕੁੱਲ 650 ਕਿੱਲੋ ਪਨੀਰ ਬਰਾਮਦ ਕੀਤਾ। ਪਹਿਲੀ ਕਾਰਵਾਈ ਸਬਜ਼ੀ ਮੰਡੀ ਵਿੱਚ ਕੀਤੀ ਗਈ, ਜਿੱਥੋਂ ਟੀਮ ਨੇ 150 ਕਿਲੋ ਪਨੀਰ ਕਬਜ਼ੇ ’ਚ ਲਿਆ। ਇਸ ਤੋਂ ਬਾਅਦ ਮਿਲੀ ਸੂਚਨਾ ਦੇ ਆਧਾਰ ’ਤੇ ਸ਼ਹਿਰ ਵਿੱਚ ਪਨੀਰ ਦੀ ਸਪਲਾਈ ਕਰਨ ਆਏ ਵਿਅਕਤੀ ਕੋਲੋਂ 500 ਕਿੱਲੋ ਪਨੀਰ ਹੋਰ ਬਰਾਮਦ ਕੀਤਾ। ਮੁੱਢਲੀ ਜਾਣਕਾਰੀ ਮੁਤਾਬਕ ਇਹ ਖੇਪ ਹਰਿਆਣਾ ਦੇ ਨਰਵਾਣਾ ਤੋਂ ਲਿਆਂਦੀ ਸੀ। ਦੋਵਾਂ ਥਾਵਾਂ ਤੋਂ ਬਰਾਮਦ ਕੀਤੇ ਪਨੀਰ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਸੈਂਪਲ ਲਏ ਗਏ ਹਨ। ਵਿਭਾਗ ਵੱਲੋਂ ਬਾਕੀ ਪਨੀਰ ਨੂੰ ਨਿਰਧਾਰਤ ਪ੍ਰਕਿਰਿਆ ਅਨੁਸਾਰ ਨਸ਼ਟ ਕਰ ਦਿੱਤਾ। ਹਾਲਾਂਕਿ, ਪਨੀਰ ਦੀ ਗੁਣਵੱਤਾ ਬਾਰੇ ਅੰਤਿਮ ਸਥਿਤੀ ਲੈਬੋਰੇਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਰਿਪੋਰਟ ਦੇ ਆਧਾਰ ’ਤੇ ਖਾਧ ਸੁਰੱਖਿਆ ਕਾਨੂੰਨ ਤਹਿਤ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ। ਕਾਰਵਾਈ ਬਾਰੇ ਸਿਵਲ ਸਰਜਨ ਡਾ. ਰਾਮਨਦੀਪ ਕੌਰ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਅਤੇ ਮਠਿਆਈਆਂ ਦੀ ਖਪਤ ਵਧ ਜਾਂਦੀ ਹੈ। ਅਜਿਹੇ ਸਮੇਂ ਲੋਕਾਂ ਨੂੰ ਸੁਰੱਖਿਅਤ ਖ਼ੁਰਾਕ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਹੈ। ਇਸ ਲਈ ਖ਼ੁਰਾਕ ਪਦਾਰਥਾਂ ਦੀ ਜਾਂਚ ਅਤੇ ਨਿਗਰਾਨੀ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੇ ਪਹਿਲਾਂ ਸਬਜ਼ੀ ਮੰਡੀ ’ਚ ਜਾਂਚ ਕੀਤੀ ਤੇ ਜਾਣਕਾਰੀ ਮਿਲਣ ’ਤੇ ਪਨੀਰ ਦੀ ਦੂਜੀ ਖੇਪ ਤੱਕ ਪਹੁੰਚ ਕੀਤੀ। ਵਿਭਾਗ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੁੱਧ ਉਤਪਾਦਾਂ, ਮਠਿਆਈਆਂ ਅਤੇ ਹੋਰ ਖਾਧ ਪਦਾਰਥਾਂ ਦੀ ਜਾਂਚ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ। ਸਿਹਤ ਵਿਭਾਗ ਨੇ ਦੁੱਧ ਉਤਪਾਦਾਂ ਦੇ ਸਪਲਾਇਰਾਂ ਅਤੇ ਖਾਧ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਫ਼ਾਈ ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ। ਇਸ ਨਾਲ ਹੀ ਖਪਤਕਾਰਾਂ ਨੂੰ ਵੀ ਸਾਵਧਾਨ ਰਹਿਣ ਅਤੇ ਕਿਸੇ ਵੀ ਖਾਧ ਪਦਾਰਥ ਦੀ ਗੁਣਵੱਤਾ ਬਾਰੇ ਸ਼ੱਕ ਹੋਣ ’ਤੇ ਸਬੰਧਤ ਵਿਭਾਗ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।