- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਨ ਦੇ ਉਦਯੋਗਿਕ ਮੇਲੇ ’ਚ ਸੀਆਈਸੀਯੂ ਦੇ ਵਫ਼ਦ ਨੇ ਆਧੁਨਿਕ ਤਕਨੀਕਾਂ ਦੀਆਂ ਸੰਭਾਵਨਾਵਾਂ ਤਲਾਸ਼ੀਆਂ

-ਏਆਈ, ਰੋਬੋਟਿਕਸ, ਲੇਜ਼ਰ ਕਟਿੰਗ ਤੇ ਵੈਲਡਿੰਗ ਤਕਨੀਕਾਂ ਦਾ ਕੀਤਾ ਅਧਿਐਨ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਲੁਧਿਆਣਾ ਦੇ ਵਫ਼ਦ ਨੇ ਚੀਨ ’ਚ 12 ਤੋਂ 16 ਅਕਤੂਬਰ ਤੱਕ ਕਰਵਾਏ ਗਏ ਚਾਈਨਾ ਇੰਟਰਨੈਸ਼ਨਲ ਇੰਡਸਟਰੀ ਫੇਅਰ (ਸੀਆਈਆਈਐੱਫ)-2026 ’ਚ ਸ਼ਿਰਕਤ ਕਰ ਕੇ ਆਧੁਨਿਕ ਉਦਯੋਗਿਕ ਤਕਨੀਕਾਂ ਦਾ ਅਧਿਐਨ ਕੀਤਾ। ਵਫ਼ਦ ਦੀ ਅਗਵਾਈ ਜੇਆਰਐੱਸ ਈਸਟਮੈਨ ਗਰੁੱਪ ਦੇ ਚੇਅਰਮੈਨ ਜਗਦੀਸ਼ ਰਾਏ ਸਿੰਗਲ ਨੇ ਕੀਤੀ। ਇਸ ਮੌਕੇ ਸੀਆਈਸੀਯੂ ਦੇ ਮੀਤ ਪ੍ਰਧਾਨ ਦੀਦਾਰ ਸਿੰਘ ਲੋਟੇ ਸਮੇਤ ਹੋਰ ਪ੍ਰਮੁੱਖ ਸਨਅਤਕਾਰ ਵੀ ਮੌਜੂਦ ਸਨ। ਵਫ਼ਦ ਨੇ ਪ੍ਰਦਰਸ਼ਨੀ ਦੌਰਾਨ ਆਧੁਨਿਕ ਨਿਰਮਾਣ ਤਕਨੀਕਾਂ, ਆਟੋਮੇਸ਼ਨ ਹੱਲਾਂ, ਰੋਬੋਟਿਕਸ, ਲੇਜ਼ਰ ਕਟਿੰਗ ਤੇ ਲੇਜ਼ਰ ਵੈਲਡਿੰਗ ਸਮੇਤ ਉਦਯੋਗਿਕ ਉਤਪਾਦਨ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਤਕਨੀਕਾਂ ਬਾਰੇ ਜਾਣਕਾਰੀ ਲਈ। ਸਿੰਗਲ ਨੇ ਕਿਹਾ ਕਿ ਸਨਅਤਕਾਰਾਂ ਨੂੰ ਨਵੀਂ ਤਕਨੀਕ ’ਚ ਨਿਵੇਸ਼ ਕਰਦੇ ਸਮੇਂ ਸਿਰਫ਼ ਮਸ਼ੀਨ ਦੀ ਸ਼ੁਰੂਆਤੀ ਕੀਮਤ ਨੂੰ ਆਧਾਰ ਨਹੀਂ ਬਣਾਉਣਾ ਚਾਹੀਦਾ, ਸਗੋਂ ਗੁਣਵੱਤਾ, ਉਤਪਾਦਕਤਾ, ਟਿਕਾਊਪਣ ਤੇ ਲੰਬੇ ਸਮੇਂ ਦੇ ਮੁਨਾਫ਼ੇ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ। ਉੱਚ ਗੁਣਵੱਤਾ ਵਾਲੀ ਮਸ਼ੀਨਰੀ ਲੰਬੇ ਸਮੇਂ ’ਚ ਵਧੇਰੇ ਲਾਹੇਵੰਦ ਸਾਬਤ ਹੋ ਸਕਦੀ ਹੈ। ਸਨਅਤੀ ਵਿਕਾਸ ਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਗੁਣਵੱਤਾ ਆਧਾਰਿਤ ਤਕਨੀਕਾਂ ਅਪਣਾਉਣੀਆਂ ਜ਼ਰੂਰੀ ਹਨ।
ਲੋਟੇ ਨੇ ਕਿਹਾ ਕਿ ਸਨਅਤੀ ਖੇਤਰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਰੋਬੋਟਿਕਸ ਅਤੇ ਲੇਜ਼ਰ ਤਕਨੀਕਾਂ ਦੇ ਦੌਰ ’ਚ ਦਾਖ਼ਲ ਹੋ ਚੁੱਕਾ ਹੈ। ਭਾਰਤੀ ਉਦਯੋਗਾਂ ਨੂੰ ਉਤਪਾਦਕਤਾ, ਸ਼ੁੱਧਤਾ ਤੇ ਕਾਰਜਕੁਸ਼ਲਤਾ ਵਧਾਉਣ ਦੇ ਨਾਲ ਕੌਮਾਂਤਰੀ ਮੁਕਾਬਲੇ ’ਚ ਬਣੇ ਰਹਿਣ ਲਈ ਨਵੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਭਾਰਤ ’ਚ ਅਜਿਹੀਆਂ ਤਕਨੀਕਾਂ ਵਿਕਸਤ ਕਰਨ ਅਤੇ ਲੋੜ ਅਨੁਸਾਰ ਆਧੁਨਿਕ ਮਸ਼ੀਨਰੀ ਦਰਾਮਦ ਕਰਨ ’ਤੇ ਵੀ ਜ਼ੋਰ ਦਿੱਤਾ। ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਸੀਆਈਸੀਯੂ ਵੱਲੋਂ ਅਜਿਹੇ ਕੌਮਾਂਤਰੀ ਦੌਰਿਆਂ ਦਾ ਪ੍ਰਬੰਧ ਸਨਅਤਕਾਰਾਂ ਨੂੰ ਵਿਸ਼ਵ ਪੱਧਰੀ ਤਕਨੀਕੀ ਤਰੱਕੀ ਨਾਲ ਜੋੜਨ, ਗਿਆਨ ਦੇ ਆਦਾਨ-ਪ੍ਰਦਾਨ ਤੇ ਉਦਯੋਗਾਂ ਦੇ ਆਧੁਨਿਕੀਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਸੰਸਥਾ ਆਪਣੇ ਮੈਂਬਰ ਉਦਯੋਗਾਂ ਨੂੰ ਕੌਮਾਂਤਰੀ ਬਾਜ਼ਾਰਾਂ, ਨਵੀਆਂ ਤਕਨੀਕਾਂ ਤੇ ਵਿਸ਼ਵ ਪੱਧਰੀ ਕਾਰਜ ਪ੍ਰਣਾਲੀਆਂ ਨਾਲ ਜੋੜਨ ਲਈ ਵਚਨਬੱਧ ਹੈ, ਤਾਂ ਜੋ ਸਨਅਤੀ ਆਧੁਨਿਕੀਕਰਨ ਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ।