- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰੇ ਦੀ ਵਿਗਿਆਨਕ ਢੰਗ ਨਾਲ ਕਾਸ਼ਤ ਕਰਨ 'ਤੇ ਜ਼ੋਰ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ‘ਚਾਰਾ ਉਤਪਾਦਨ: ਸਥਿਤੀ, ਚੁਣੌਤੀਆਂ ਅਤੇ ਭਵਿੱਖੀ ਰਣਨੀਤੀ’ ਵਿਸ਼ੇ 'ਤੇ ਇੱਕ ਵਿਚਾਰ-ਚਰਚਾ ਸੈਸ਼ਨ ਕਰਵਾਇਆ ਗਿਆ। ਉਦਘਾਟਨੀ ਸੈਸ਼ਨ ਦੌਰਾਨ ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਟਿਕਾਊ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਮਿਆਰੀ ਚਾਰੇ, ਖੇਤੀ ਦੀਆਂ ਬਿਹਤਰ ਤਕਨੀਕਾਂ ਅਤੇ ਸੰਸਥਾਗਤ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਰਾ ਸਾਲ ਮਿਆਰੀ ਚਾਰੇ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ ਚਾਰਾ ਉਤਪਾਦਨ ਵਿੱਚ ਮਸ਼ੀਨੀਕਰਨ, ਸਾਈਲੇਜ ਤਿਆਰ ਕਰਨ ਅਤੇ ਜਲਵਾਯੂ ਪਰਿਵਰਤਨ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਦੀ ਵਰਤੋਂ ਕਰਨ ਲਈ ਕਿਹਾ। ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਨੇ ਚਾਰੇ ਦੀ ਵਿਗਿਆਨਕ ਢੰਗ ਨਾਲ ਕਾਸ਼ਤ ਕਰਨ ਅਤੇ ਕਿਸਾਨ-ਕੇਂਦਰਿਤ ਪਸਾਰ ਪਹਿਲਕਦਮੀਆਂ ਦੀ ਲੋੜ 'ਤੇ ਜ਼ੋਰ ਦਿੱਤਾ। ਡਾ. ਜਸਪਾਲ ਸਿੰਘ ਹੁੰਦਲ , ਮੁਖੀ ਪਸ਼ੂ ਆਹਾਰ ਵਿਭਾਗ ਨੇ ਚਾਰਾ ਉਤਪਾਦਨ ਅਤੇ ਪਸ਼ੂ ਪਾਲਣ ਵਿੱਚ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਐਨੀਮਲ ਬਾਇਓਟੈਕਨਾਲੋਜੀ ਕਾਲਜ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਨਵੀਨਤਾ, ਉੱਦਮਤਾ ਅਤੇ ਵਿਹਾਰਕ ਕਾਰੋਬਾਰੀ ਮਾਡਲਾਂ ਦੀ ਭੂਮਿਕਾ ਤੇ ਖੋਜ ਨੂੰ ਵਪਾਰਕ ਤਕਨਾਲੋਜੀਆਂ ਵਿੱਚ ਬਦਲਣ ਬਾਰੇ ਚਾਨਣਾ ਪਾਇਆ। ਅਟਾਰੀ, ਜ਼ੋਨ-1, ਲੁਧਿਆਣਾ ਦੇ ਡਾ. ਆਰਕੇ. ਰਾਣਾ ਨੇ ਚਾਰਾ ਉਤਪਾਦਨ ਦੀਆਂ ਬਿਹਤਰ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਖੇਤੀਬਾੜੀ ਖੋਜ ਅਤੇ ਪਸਾਰ ਢਾਂਚੇ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਪੀਏਯੂ. ਦੇ ਡਾ. ਆਰਐੱਸ. ਸੋਹੂ ਨੇ ਚਾਰੇ ਦੀ ਉਤਪਾਦਕਤਾ ਅਤੇ ਪੌਸ਼ਟਿਕ ਮੁੱਲ ਨੂੰ ਵਧਾਉਣ ਵਿੱਚ ਚਾਰੇ ਦੀਆਂ ਸੁਧਰੀਆਂ ਕਿਸਮਾਂ ਅਤੇ ਮਿਆਰੀ ਬੀਜਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ। ਤਕਨੀਕੀ ਸੈਸ਼ਨਾਂ ਦੌਰਾਨ, ਡਾ. ਨਵਜੋਤ ਸਿੰਘ ਬਰਾੜ ਨੇ ਪੰਜਾਬ ਵਿੱਚ ਚਾਰੇ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ। ਡਾ. ਰਾਹੁਲ ਕਪੂਰ ਨੇ ਰਾਜ ’ਚ ਚਾਰੇ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਦੇ ਪ੍ਰੋਗਰਾਮਾਂ 'ਤੇ ਚਾਨਣਾ ਪਾਇਆ। ਵਿਪਿਨ ਸ਼ਰਮਾ ਨੇ ਚਾਰਾ ਉਤਪਾਦਨ ਵਿੱਚ ਮਸ਼ੀਨੀਕਰਨ ਬਾਰੇ ਚਰਚਾ ਕੀਤੀ। ਡਾ. ਅੱਲਾ ਸਿੰਘ ਨੇ ਉੱਚ-ਗੁਣਵੱਤਾ ਵਾਲਾ ਸਾਈਲੇਜ ਤਿਆਰ ਕਰਨ ਲਈ ਮੱਕੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਡਾ. ਰੁਚਿਕਾ ਭਾਰਦਵਾਜ ਨੇ ਜਲਵਾਯੂ-ਅਨੁਕੂਲ ਚਾਰਾ ਉਤਪਾਦਨ ਤੇ ਟਿਕਾਊ ਪਸ਼ੂ ਪਾਲਣ ਵਿੱਚ ਇਸ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ। ਡਾ. ਜਸਪਾਲ ਸਿੰਘ ਲਾਂਬਾ ਨੇ ਚਾਰੇ ਦੀ ਬਿਹਤਰ ਗੁਣਵੱਤਾ, ਪੋਸ਼ਣ ਅਤੇ ਸਾਈਲੇਜ ਤਕਨੀਕਾਂ ਬਾਰੇ ਚਰਚਾ ਕੀਤੀ। ਡਾ. ਜਸਵਿੰਦਰ ਸਿੰਘ ਅਤੇ ਡਾ. ਰਵਦੀਪ ਸਿੰਘ ਨੇ ਪ੍ਰਬੰਧਕੀ ਸਕੱਤਰਾਂ ਵਜੋਂ ਇਸ ਸਮਾਗਮ ਦਾ ਪ੍ਰਬੰਧਨ ਕੀਤਾ, ਜਿਸ ਵਿੱਚ ਵਿਦਿਆਰਥੀ ਸੰਯੋਜਕਾਂ ਵਜੋਂ ਵਿਕਸ਼ਾਂਸ਼ ਅਤੇ ਹਰਯੁਵਰਾਜ ਸਿੰਘ ਬੇਦੀ ਨੇ ਸਹਿਯੋਗ ਦਿੱਤਾ।