- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐਮਸੀਐਚ ‘ਚ ਸਾਲਾਨਾ ਖੇਡ ਮੇਲਾ ਕਰਵਾਇਆ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਡੀਐੱਮਸੀਐੱਚ ਕਾਲਜ ਕੈਂਪਸ ਵਿਖੇ ਸਾਲਾਨਾ ਅੰਤਰ-ਬੈਚ ਖੇਡ ਮੇਲਾ ‘ਸਮੈਸ਼ -2026’ ਕਰਵਾਇਆ, ਜਿਸ ਵਿੱਚ ਐਮਬੀਬੀਐਸ ਦੇ ਸਾਰੇ ਬੈਚਾਂ ਦੇ ਡਾਕਟਰ-ਵਿਦਿਆਰਥੀਆਂ ਨੇ ਹਿੱਸਾ ਲਿਆ। ਖੇਡ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਡਾ. ਰਵਿੰਦਰ ਵਰਮਾ, ਮੈਂਬਰ, ਮੈਨੇਜਿੰਗ ਸੋਸਾਇਟੀ ਵੱਲੋਂ ਗੁਬਾਰੇ ਛੱਡ ਕੇ ਕੀਤਾ। ਇਸ ਮੌਕੇ ਡੀਐੱਮਸੀਐੱਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ, ਖਜ਼ਾਨਚੀ ਮੁਕੇਸ਼ ਵਰਮਾ, ਪ੍ਰਿੰਸੀਪਲ ਡਾ. ਜੀਐਸ. ਵਾਂਡਰ, ਡੀਨ ਅਕਾਦਮਿਕ ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਕੇ. ਚੌਧਰੀ, ਦਿਲ ਦੇ ਰੋਗਾਂ ਦੇ ਮਾਹਿਰ ਅਤੇ ਕੋਆਰਡੀਨੇਟਰ ਡਾ. ਬਿਸ਼ਵ ਮੋਹਨ ਅਤੇ ਵਧੀਕ ਮੈਡੀਕਲ ਸੁਪਰਡੈਂਟ ਡਾ. ਅਸ਼ੀਮਾ ਤਨੇਜਾ ਵੀ ਮੌਜੂਦ ਸਨ ਜਦਕਿ ਡੀਐਮਸੀਐਚ ਦੇ ਸਾਰੇ ਫੈਕਲਟੀ ਮੈਂਬਰਾਂ ਅਤੇ ਖੇਡ ਕਮੇਟੀ ਦੇ ਮੈਂਬਰਾਂ ਨੇ ਵੀ ਖੇਡ ਮੇਲੇ ਵਿਚ ਸ਼ਿਰਕਤ ਕੀਤੀ। ਖੇਡ ਮੇਲੇ ਦੌਰਾਨ ਲੜਕਿਆਂ ਅਤੇ ਲੜਕੀਆਂ ਲਈ ਕਈ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ 100 ਮੀਟਰ, 200 ਮੀਟਰ ਅਤੇ 400 ਮੀਟਰ ਰਿਲੇਅ ਦੌੜ, ਸ਼ਾਰਟ ਪੁੱਟ, ਰੱਸਾਕਸ਼ੀ, ਫੁੱਟਬਾਲ, ਬੈਡਮਿੰਟਨ, ਬਾਸਕਟਬਾਲ, ਟੇਬਲ ਟੈਨਿਸ ਅਤੇ ਪਿਕਲਬਾਲ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਨੇ ਡਾਕਟਰ-ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਆਪਣੇ ਸੰਬੋਧਨ ਵਿੱਚ ਸਕੱਤਰ ਬਿਪਿਨ ਗੁਪਤਾ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ।
ਉਨ੍ਹਾਂ ਕਿਹਾ ਕਿ ਖੇਡਾਂ ਸਰੀਰਕ ਸਿਹਤ ਅਤੇ ਮਾਨਸਿਕ ਤੰਦਰੁਸਤੀ ਵਿਚਾਲੇ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਹਨ। ਖੇਡਾਂ ਨਾਲ ਟੀਮ ਭਾਵਨਾ, ਆਪਸੀ ਸਾਂਝ ਅਤੇ ਮਿਲ ਕੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਯੋਗਤਾ ਵੀ ਵਧਦੀ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਰਵਿੰਦਰ ਵਰਮਾ ਨੇ ਡੀਐੱਮਸੀਐੱਚ ਦੀ ਖੇਡ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਉਨ੍ਹਾਂ ਦੇ ਉਤਸ਼ਾਹ ਅਤੇ ਖੇਡ ਭਾਵਨਾ ਲਈ ਵਧਾਈ ਦਿੱਤੀ। ਖੇਡਾਂ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ, ਅਨੁਸ਼ਾਸਨ, ਟੀਮ ਵਰਕ ਅਤੇ ਅਗਵਾਈ ਦੇ ਗੁਣ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡ ਸਰਗਰਮੀਆਂ ’ਚ ਹਿੱਸਾ ਲੈਣ ਅਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਮੁੱਚੇ ਵਿਕਾਸ ਅਤੇ ਸਫਲਤਾ ਲਈ ਤੰਦਰੁਸਤ ਮਨ ਅਤੇ ਸਰੀਰ ਜ਼ਰੂਰੀ ਹਨ।ਇਸ ਮੌਕੇ ਪ੍ਰਿੰਸੀਪਲ ਡਾ. ਜੀਐਸ. ਵਾਂਡਰ , ਡਾ. ਅਸ਼ਵਨੀ ਕੇ. ਚੌਧਰੀ, ਚੇਅਰਪਰਸਨ, ਡੀਐਮਸੀਐਚ ਖੇਡ ਕਮੇਟੀ ਅਤੇ ਖੇਡ ਕਮੇਟੀ ਦੇ ਕਨਵੀਨਰ ਡਾ. ਪੀਐੱਸ ਨੈਨ ਨੇ ਕਿਹਾ ਕਿ ਖੇਡ ਮੇਲੇ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਵਿੱਚ ਟੀਮ ਵਰਕ, ਸਿਹਤਮੰਦ ਮੁਕਾਬਲੇ ਦੀ ਭਾਵਨਾ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਬੈਚ 2021 ਦੀ ਵਿਦਿਆਰਥਣ ਮਿਸ ਜੈਸਮੀਨ ਕੌਰ ਮੰਡੇਰ ਨੂੰ ‘ਮਿਸ ਡੀਐਮਸੀ ਇਨ ਸਪੋਰਟਸ’ ਅਤੇ ਬੈਚ 2022 ਦੇ ਵਿਦਿਆਰਥੀ ਮਨਜੋਤ ਸਿੰਘ ਨੂੰ ‘ਮਿਸਟਰ ਡੀਐਮਸੀ ਇਨ ਸਪੋਰਟਸ’ ਦਾ ਖਿਤਾਬ ਦਿੱਤਾ ਗਿਆ।