- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਤੂ ਵਿਦਿਆਰਥਣਾਂ ਦਾ ਕੀਤਾ ਗਿਆ ਸਨਮਾਨ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ 67ਵੇਂ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਲੁਧਿਆਣਾ ਜ਼ੋਨ-2 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਯੁਵਕ ਮੇਲੇ ਦੇ ਕਨਟੀਜੈਂਟ ਇੰਚਾਰਜ ਪ੍ਰੋ. ਤੇਜਿੰਦਰ ਕੌਰ ਅਤੇ ਪ੍ਰੋ. ਨੀਰੂ ਖੁਰਾਣਾ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ ਗਏ। ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਟੇਜ ਅਤੇ ਆਫ਼-ਸਟੇਜ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਜ਼ੋਨ-2 ਵਿੱਚ ਚੌਥਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਨੇ 3 ਪਹਿਲੇ, 10 ਦੂਜੇ ਅਤੇ 6 ਤੀਜੇ ਇਨਾਮ ਜਿੱਤ ਕੇ ਆਪਣੀ ਕਲਾ ਅਤੇ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਦਿਆਰਥਣਾਂ ਨੇ ਸ਼ਾਸਤਰੀ ਗਾਇਨ, ਸਮੂਹ ਗੀਤ, ਕਲੇਅ ਮਾਡਲਿੰਗ, ਸਮੂਹ ਸ਼ਬਦ, ਬਾਗ਼, ਰੰਗੋਲੀ, ਇੰਸਟਾਲੇਸ਼ਨ, ਇੰਡੀਅਨ ਆਰਕੈਸਟਰਾ, ਭਾਸ਼ਣ, ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਸੁੰਦਰ ਲਿਖਾਈ, ਔਰਤਾਂ ਦੇ ਰਵਾਇਤੀ ਗੀਤ, ਗ਼ਜ਼ਲ, ਪੋਸਟਰ ਮੇਕਿੰਗ, ਨਾਨ-ਪਰਕਸ਼ਨ, ਕਹਾਣੀ ਲੇਖਣ ਅਤੇ ਪੰਜਾਬੀ ਸੁੰਦਰ ਲਿਖਾਈ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤ ਕੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਮੁੱਖ ਮਹਿਮਾਨ ਡਾ. ਕਿਰਨਦੀਪ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਪ੍ਰਤਿਭਾ, ਮਿਹਨਤ ਅਤੇ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਮੰਚ ਵਿਦਿਆਰਥੀਆਂ ਦੇ ਸ਼ਖ਼ਸੀਅਤ ਵਿਕਾਸ, ਆਤਮ-ਵਿਸ਼ਵਾਸ ਤੇ ਸਿਰਜਣਾਤਮਕ ਯੋਗਤਾਵਾਂ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਅਨੁਸਾਰ ਇਹ ਸਫ਼ਲਤਾ ਵਿਦਿਆਰਥਣਾਂ ਦੀ ਅਣਥੱਕ ਮਿਹਨਤ ਤੇ ਅਧਿਆਪਕਾਵਾਂ ਦੇ ਸੁਚੱਜੇ ਮਾਰਗਦਰਸ਼ਨ ਦਾ ਨਤੀਜਾ ਹੈ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਸਾਰੀਆਂ ਜੇਤੂ ਵਿਦਿਆਰਥਣਾਂ, ਸਮੂਹ ਸਟਾਫ਼ ਅਤੇ ਕਾਲਜ ਪ੍ਰਬੰਧਕ ਕਮੇਟੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਵਿਦਿਆਰਥਣਾਂ ਦੀ ਇਹ ਉਪਲਬਧੀ ਉਨ੍ਹਾਂ ਦੀ ਨਿਰੰਤਰ ਮਿਹਨਤ, ਸਮਰਪਣ ਅਤੇ ਸੱਭਿਆਚਾਰਕ ਗਤੀਵਿਧੀਆਂ ਪ੍ਰਤੀ ਉਤਸ਼ਾਹ ਦਾ ਪ੍ਰਮਾਣ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਯੁਵਕ ਮੇਲੇ ਦੇ ਕਨਟੀਜੈਂਟ ਇੰਚਾਰਜ ਪ੍ਰੋ. ਤੇਜਿੰਦਰ ਕੌਰ ਅਤੇ ਪ੍ਰੋ. ਨੀਰੂ ਖੁਰਾਣਾ ਨੂੰ ਵੀ ਵਿਦਿਆਰਥਣਾਂ ਦੀ ਤਿਆਰੀ ਅਤੇ ਮਾਰਗਦਰਸ਼ਨ ਵਿੱਚ ਪਾਏ ਯੋਗਦਾਨ ਲਈ ਵਧਾਈ ਦਿੱਤੀ•। ਅੰਤ ਵਿੱਚ ਕਾਲਜ ਪਰਿਵਾਰ ਵੱਲੋਂ ਮੁੱਖ ਮਹਿਮਾਨ ਡਾ. ਕਿਰਨਦੀਪ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।