- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੀਲ ਦੀਆਂ ਕੀਮਤਾਂ ’ਤੇ ਨਿਯੰਤਰਣ, ਸੀਐੱਲਸੀਐੱਸਐੱਸ ਮੁੜ ਸ਼ੁਰੂ ਕਰਨ ਦੀ ਮੰਗ

-ਐੱਮਐੱਸਐੱਮਈ ਸਨਅਤਾਂ ਨੂੰ ਰਾਹਤ ਦੇਣ ਲਈ ਸਰਕਾਰ ਤੋਂ ਦਖ਼ਲ ਦੇਣ ਦੀ ਕੀਤੀ ਮੰਗ
35
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਫਾਸਟਨਰ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਫਐੱਮਏਆਈ) ਅਤੇ ਲਘੂ ਉਦਯੋਗ ਭਾਰਤੀ ਵੱਲੋਂ ਹੋਟਲ ਨਿਰਵਾਣਾ ਵਿਖੇ ਮੀਟਿੰਗ ਕਰਕੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਨੂੰ ਦਰਪੇਸ਼ ਸਮੱਸਿਆਵਾਂ ਉਠਾਈਆਂ ਗਈਆਂ। ਮੀਟਿੰਗ ਵਿੱਚ ਸਟੀਲ ਦੀਆਂ ਕੀਮਤਾਂ ਨੂੰ ਨਿਯਮਤ ਕਰਨ, ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਸਕੀਮ (ਸੀਐੱਲਸੀਐੱਸਐੱਸ) ਮੁੜ ਸ਼ੁਰੂ ਕਰਨ ਅਤੇ ਅਮਲੀ ਤੌਰ ’ਤੇ ਮੁਸ਼ਕਲ ਬੀਆਈਐੱਸ ਕੁਆਲਿਟੀ ਕੰਟਰੋਲ ਆਰਡਰ (ਕਿਊਸੀਓ) ਰੱਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਭਾਰਤ ਸਰਕਾਰ ਦੇ ਨੈਸ਼ਨਲ ਟਰੇਡ ਵੈਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਜੇ ਸਿੰਘੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐੱਫਐੱਮਏਆਈ ਦੇ ਪ੍ਰਧਾਨ ਨਰਿੰਦਰ ਭੰਮਰਾ ਨੇ ਕਿਹਾ ਕਿ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਦੌਰਾਨ ਸਟੀਲ ਦੀਆਂ ਕੀਮਤਾਂ ਵਿੱਚ ਪ੍ਰਤੀ ਟਨ ਲਗਪਗ 14 ਤੋਂ 15 ਹਜ਼ਾਰ ਰੁਪਏ ਦਾ ਵਾਧਾ ਹੋਣ ਕਾਰਨ ਫਾਸਟਨਰ ਨਿਰਮਾਤਾਵਾਂ ’ਤੇ ਭਾਰੀ ਵਿੱਤੀ ਬੋਝ ਪਿਆ ਹੈ। ਐਸੋਸੀਏਸ਼ਨ ਮੁਤਾਬਕ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਅਤੇ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਆਰਆਈਐੱਨਐੱਲ) ਵਰਗੇ ਜਨਤਕ ਖੇਤਰ ਦੇ ਅਦਾਰਿਆਂ ਵੱਲੋਂ ਕੀਮਤਾਂ ਵਧਾਉਣ ਨਾਲ ਵੀ ਛੋਟੇ ਉਦਯੋਗਾਂ ਦੀ ਲਾਗਤ ਵਧੀ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਟੀਲ ਦੀਆਂ ਕੀਮਤਾਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ, ਬਾਜ਼ਾਰ ਵਿੱਚ ਨਿਰਪੱਖ ਮੁਕਾਬਲਾ ਕਾਇਮ ਰੱਖਣ ਅਤੇ ਵਾਜਬ ਕੀਮਤਾਂ ’ਤੇ ਸਟੀਲ ਦੀ ਸਪਲਾਈ ਲਈ ਨਿਯਮਤ ਜਾਂ ਨਿਗਰਾਨੀ ਪ੍ਰਣਾਲੀ ਬਣਾਈ ਜਾਵੇ। ਲਗਾਤਾਰ ਕੀਮਤਾਂ ਵਧਣ ਨਾਲ ਉਦਯੋਗਾਂ ਦਾ ਮੁਨਾਫ਼ਾ ਘਟਣ, ਪੁਰਾਣੇ ਆਰਡਰਾਂ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਆਉਣ ਅਤੇ ਕਾਰੋਬਾਰੀ ਪੂੰਜੀ ਦੀ ਲੋੜ ਵਧਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ।ਇਸ ਦੇ ਨਾਲ ਹੀ ਐੱਫਐੱਮਏਆਈ ਨੇ ਮਸ਼ੀਨਰੀ ਦੇ ਆਧੁਨਿਕੀਕਰਨ ਅਤੇ ਨਵੀਂ ਤਕਨੀਕ ਅਪਣਾਉਣ ਲਈ ਸੀਐੱਲਸੀਐੱਸਐੱਸ ਸਕੀਮ ਮੁੜ ਸ਼ੁਰੂ ਕਰਨ ਅਤੇ ਇਸ ਤਹਿਤ ਯੋਗ ਪ੍ਰਾਜੈਕਟ ਦੀ ਵੱਧ ਤੋਂ ਵੱਧ ਹੱਦ ਪੰਜ ਕਰੋੜ ਰੁਪਏ ਕਰਨ ਦੀ ਮੰਗ ਕੀਤੀ।
ਬੀਆਈਐੱਸ ਦੇ ਕੁਆਲਿਟੀ ਕੰਟਰੋਲ ਆਰਡਰਾਂ ਬਾਰੇ ਐਸੋਸੀਏਸ਼ਨ ਨੇ ਕਿਹਾ ਕਿ ਸਰਟੀਫਿਕੇਸ਼ਨ ਫੀਸ, ਮਹਿੰਗੇ ਟੈਸਟ, ਦਸਤਾਵੇਜ਼ੀ ਕਾਰਵਾਈ ਅਤੇ ਢੁੱਕਵੀਆਂ ਲੈਬਾਰਟਰੀਆਂ ਦੀ ਘਾਟ ਕਾਰਨ ਛੋਟੇ ਨਿਰਮਾਤਾਵਾਂ ਲਈ ਨਿਯਮਾਂ ਦੀ ਪਾਲਣਾ ਕਰਨੀ ਮੁਸ਼ਕਲ ਹੋ ਰਹੀ ਹੈ। ਇਸ ਲਈ ਅਮਲੀ ਤੌਰ ’ਤੇ ਲਾਗੂ ਕਰਨਾ ਔਖਾ ਹੋਣ ਵਾਲੇ ਕਿਊਸੀਓ ਰੱਦ ਕਰਨ ਅਤੇ ਨਿਯਮਾਂ ਨੂੰ ਸਰਲ ਤੇ ਕਿਫ਼ਾਇਤੀ ਬਣਾਉਣ ਦੀ ਮੰਗ ਕੀਤੀ ਗਈ।
ਦੋਵਾਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਸਲਿਆਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ, ਤਾਂ ਜੋ ਰੁਜ਼ਗਾਰ ਬਚਾਉਣ, ਉਦਯੋਗਾਂ ਦੇ ਆਧੁਨਿਕੀਕਰਨ ਅਤੇ ਦੇਸ਼ ਦੇ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕੇ।ਇਸ ਮੌਕੇ ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਤਰੁਣ ਜੈਨ, ਐੱਫਐੱਮਏਆਈ ਦੇ ਮੀਤ ਪ੍ਰਧਾਨ ਬੰਟੀ ਓਬਰਾਏ ਅਤੇ ਅਤੁਲ ਸੇਠੂ, ਹਨੀ ਸੇਠੀ, ਵਿੱਤ ਸਕੱਤਰ ਜੁਗਲ ਕਿਸ਼ੋਰ ਅਰੋੜਾ, ਰਛਪਾਲ ਭਾਮਰਾ, ਹਰਪ੍ਰੀਤ ਸਿੰਘ, ਗੁਰਪਾਲ ਸਿੰਘ, ਗੌਰਵ ਅਰੋੜਾ, ਐੱਨਪੀ ਸਿੰਘ, ਮੰਗਲ ਸੈਨ, ਦਵਿੰਦਰ ਉਦੇਹੜਾ, ਡਾ. ਰਚਨਾ ਸ਼ਰਮਾ ਅਤੇ ਰਾਜੀਵ ਜੈਨ ਸਮੇਤ ਹੋਰ ਸਨਅਤਕਾਰ ਹਾਜ਼ਰ ਸਨ।