- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਮਾਮੂਲੀ ਝਗੜੇ ਤੋਂ ਬਾਅਦ ਫੈਕਟਰੀ ਮਾਲਕ ਨੂੰ ਬਣਾਇਆ ਬੰਧਕ

-ਰਾਡਾਂ ਨਾਲ ਕੁੱਟਿਆ, ਪਿਸਤੌਲ ਦਿਖਾ ਕੇ ਧਮਕਾਉਣ ਤੇ ਫਾਇਰਿੰਗ ਕਰਨ ਦੇ ਵੀ ਦੋਸ਼
-ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਪਿਤਾ ਜ਼ਖ਼ਮੀ, ਲੱਗੇ ਕਈ ਟਾਂਕੇ
- ਮੈਨੇਜਰ ਤੇ 8 ਅਣਪਛਾਤੇ ਖ਼ਿਲਾਫ਼ ਦਰਜ ਕੀਤਾ ਕੇਸ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਗਿਆਸਪੁਰਾ ਦੇ ਸ਼ਾਂਤੀ ਨਗਰ ਇਲਾਕੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਈ ਬਹਿਸ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਰਾਹ ਦੇਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਫੈਕਟਰੀ ਮਾਲਕ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਦੂਜੀ ਫੈਕਟਰੀ ਦੇ ਅੰਦਰ ਲਿਜਾ ਕੇ ਬੰਧਕ ਬਣਾ ਲਿਆ ਗਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜਤ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟਣ ਤੋਂ ਇਲਾਵਾ ਪਿਸਤੌਲ ਤਾਣ ਕੇ ਧਮਕੀਆਂ ਵੀ ਦਿੱਤੀਆਂ। ਇੰਨਾ ਹੀ ਨਹੀਂ, ਉਸ ਨੂੰ ਛੁਡਾਉਣ ਲਈ ਮੌਕੇ ’ਤੇ ਪਹੁੰਚੀ ਉਸ ਦੀ ਪਤਨੀ ਅਤੇ ਪਿਤਾ ਦੀ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਪੀੜਤ ਦੇ ਪਿਤਾ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਟਾਂਕੇ ਲਗਵਾਉਣੇ ਪਏ।
ਮਾਮਲੇ ਵਿੱਚ ਫਾਇਰਿੰਗ ਕਰਨ ਦੇ ਦੋਸ਼ ਵੀ ਸਾਹਮਣੇ ਆਏ ਹਨ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਨਮਨ ਸਵਿੰਗ ਫੈਕਟਰੀ ਦੇ ਮਾਲਕ ਨਮਨ, ਮੈਨੇਜਰ ਤੇ ਸੱਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਸ ਮਾਮਲੇ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਗਿਆਸਪੁਰਾ ਦੇ ਮੁਹੱਲਾ ਸ਼ਾਂਤੀ ਨਗਰ ਦੇ ਰਹਿਣ ਵਾਲੇ ਅਮਰ ਮਿਸ਼ਰਾ ਨੇ ਦੱਸਿਆ ਕਿ ਇਲਾਕੇ ਵਿੱਚ ਉਸ ਦੀ ਮਿਸ਼ਰਾ ਇੰਡਸਟਰੀ ਨਾਮ ਦੀ ਫੈਕਟਰੀ ਹੈ। ਉਸ ਨੇ ਦੋਸ਼ ਲਾਇਆ ਕਿ ਬੀਤੀ ਸ਼ਾਮ ਕਰੀਬ 7:30 ਵਜੇ ਉਹ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਬਾਜ਼ਾਰ ਜਾ ਰਿਹਾ ਸੀ। ਜਦੋਂ ਉਹ ਥੋੜ੍ਹੀ ਦੂਰੀ ’ਤੇ ਸਥਿਤ ਨਮਨ ਸਵਿੰਗ ਫੈਕਟਰੀ ਦੇ ਸਾਹਮਣੇ ਪਹੁੰਚਿਆ ਤਾਂ ਫੈਕਟਰੀ ਦੇ ਬਾਹਰ ਗੱਡੀਆਂ ਵਿੱਚ ਸਾਮਾਨ ਲੋਡ ਕੀਤਾ ਜਾ ਰਿਹਾ ਸੀ। ਇਸ ਕਾਰਨ ਰਸਤੇ ’ਚ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਅਮਰ ਮਿਸ਼ਰਾ ਅਨੁਸਾਰ, ਉਸ ਨੇ ਉੱਥੇ ਮੌਜੂਦ ਵਿਅਕਤੀਆਂ ਨੂੰ ਗੱਡੀਆਂ ਸਾਈਡ ’ਤੇ ਕਰਨ ਲਈ ਕਿਹਾ ਤਾਂ ਜੋ ਉਹ ਆਪਣੀ ਗੱਡੀ ਲੰਘਾ ਸਕੇ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜੋ ਕੁਝ ਹੀ ਸਮੇਂ ਵਿੱਚ ਝਗੜੇ ਵਿੱਚ ਬਦਲ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮਾਮੂਲੀ ਗੱਲ ’ਤੇ ਭੜਕੇ ਫੈਕਟਰੀ ਮਾਲਕ, ਮੈਨੇਜਰ ਅਤੇ ਉਨ੍ਹਾਂ ਦੇ ਨਾਲ ਮੌਜੂਦ ਕੁਝ ਹੋਰ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ।
-ਬਾਕਸ-
-ਫੈਕਟਰੀ ਅੰਦਰ ਲਿਜਾ ਕੇ ਬੰਧਕ ਬਣਾਉਣ ਅਤੇ ਰਾਡਾਂ ਨਾਲ ਕੁੱਟਣ ਦੇ ਦੋਸ਼
ਸ਼ਿਕਾਇਤਕਰਤਾ ਦੇ ਬਿਆਨ ਮੁਤਾਬਕ, ਹਮਲਾਵਰ ਉਸ ਨੂੰ ਜ਼ਬਰਦਸਤੀ ਨਮਨ ਸਵਿੰਗ ਫੈਕਟਰੀ ਦੇ ਅੰਦਰ ਲੈ ਗਏ, ਜਿੱਥੇ ਉਸ ਨੂੰ ਬੰਧਕ ਬਣਾ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਅਮਰ ਮਿਸ਼ਰਾ ਨੇ ਦੋਸ਼ ਲਗਾਇਆ ਕਿ ਉਸ ਦੇ ਸਿਰ, ਮੂੰਹ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਰਾਡਾਂ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਸ ਨੂੰ ਡਰਾਉਣ ਅਤੇ ਧਮਕਾਉਣ ਲਈ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਮੌਕੇ ’ਤੇ ਪਹੁੰਚੇ ਕੁਝ ਹੋਰ ਵਿਅਕਤੀਆਂ ਵੱਲੋਂ ਹਵਾਈ ਫਾਇਰਿੰਗ ਕੀਤੇ ਜਾਣ ਦੇ ਵੀ ਦੋਸ਼ ਹਨ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਨ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ, ਫਾਇਰਿੰਗ ਸਬੰਧੀ ਦੋਸ਼ਾਂ ਤੇ ਹਥਿਆਰ ਦੀ ਵਰਤੋਂ ਬਾਰੇ ਪੁਲਿਸ ਜਾਂਚ ਦੇ ਨਤੀਜੇ ਸਾਹਮਣੇ ਆਉਣੇ ਅਜੇ ਬਾਕੀ ਹਨ।
-ਬਾਕਸ-
-ਪਤੀ ਨੂੰ ਬਚਾਉਣ ਪਹੁੰਚੀ ਪਤਨੀ ਤੇ ਪਿਤਾ ਨੂੰ ਵੀ ਨਹੀਂ ਬਖ਼ਸ਼ਿਆ
ਅਮਰ ਮਿਸ਼ਰਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਘਰ ਫੈਕਟਰੀ ਦੇ ਨੇੜੇ ਹੀ ਸਥਿਤ ਹੈ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਦਾ ਪਿਤਾ ਪ੍ਰੇਮ ਨਰਾਇਣ ਤੇ ਪਤਨੀ ਉਸ ਨੂੰ ਬਚਾਉਣ ਲਈ ਮੌਕੇ ’ਤੇ ਪਹੁੰਚੇ। ਦੋਸ਼ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਅਮਰ ਮਿਸ਼ਰਾ ਦੇ ਪਿਤਾ ਪ੍ਰੇਮ ਨਰਾਇਣ ਨੂੰ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਕਈ ਟਾਂਕੇ ਲਗਾਉਣੇ ਪਏ ਤੇ ਦੋਵਾਂ ਨੂੰ ਹਸਪਤਾਲ ਦਾਖਲ ਕਰ ਲਿਆ।
-ਬਾਕਸ-
-ਪੁਲਿਸ ਨੇ ਮਾਲਕ, ਮੈਨੇਜਰ ਅਤੇ ਸੱਤ ਅਣਪਛਾਤਿਆਂ ਖ਼ਿਲਾਫ਼ ਦਰਜ ਕੀਤਾ ਕੇਸ
ਇਸ ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਏਐੱਸਆਈ ਦੀਪ ਚੰਦ ਨੇ ਦੱਸਿਆ ਕਿ ਅਮਰ ਮਿਸ਼ਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਨਮਨ ਸਵਿੰਗ ਫੈਕਟਰੀ ਦੇ ਮਾਲਕ ਨਮਨ, ਫੈਕਟਰੀ ਦੇ ਮੈਨੇਜਰ ਅਤੇ ਸੱਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਕੇਸ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਹਨ। ਪੁਲਿਸ ਵੱਲੋਂ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਹੈ। ਇਸ ਘਟਨਾ ’ਚ ਜ਼ਖ਼ਮੀ ਹੋਏ ਅਮਰ ਮਿਸ਼ਰਾ ਨੂੰ ਅਪੋਲੋ ਹਸਪਤਾਲ ’ਚ ਇਲਾਜ ਤੋਂ ਬਾਅਦ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਹੈ। ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ, ਇਸ ਮਾਮਲੇ ’ਚ ਲੱਗੇ ਦੋਸ਼ਾਂ ਦੀ ਪੁਸ਼ਟੀ ਜਾਂ ਖੰਡਨ ਜਾਂਚ ਤੋਂ ਬਾਅਦ ਹੀ ਹੋ ਸਕੇਗਾ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭੂਮਿਕਾ, ਫਾਇਰਿੰਗ ਦੇ ਦੋਸ਼ਾਂ ਤੇ ਹਥਿਆਰ ਦੀ ਵਰਤੋਂ ਸਮੇਤ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।