- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਦਾਖਲ ਡਾਕਟਰ-ਵਿਦਿਆਰਥੀਆਂ ਨੂੰ ‘ਕੈਡੇਵਰਿਕ ਓਥ' ਚੁਕਵਾਈ

ਫੋਟੋ ਨੰਬਰ-44
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਨੇ ਸਾਲ 2026 ਵਿੱਚ ਨਵੇਂ ਦਾਖਲ ਹੋਏ ਐਮਬੀਬੀਐਸ ਦੇ ਪਹਿਲੇ ਸਾਲ ਦੇ ਡਾਕਟਰ-ਵਿਦਿਆਰਥੀਆਂ ਲਈ 'ਕੈਡੇਵਰਿਕ ਓਥ' ਲਈ ਸਮਾਗਮ ਕਰਵਾਇਆ ਗਿਆ। 'ਕੈਡੇਵਰਿਕ ਓਥ' ਇੱਕ ਅਜਿਹੀ ਸਹੁੰ ਹੈ ਜੋ ਵਿਦਿਆਰਥੀ ਡਿਸੈਕਸ਼ਨ (ਮ੍ਰਿਤ-ਦੇਹ ਦੀ ਚੀਰ-ਫਾੜ ਰਾਹੀਂ ਅਧਿਐਨ) ਦੇ ਪਹਿਲੇ ਦਿਨ ਲੈਂਦੇ ਹਨ, ਜਿਸ ਵਿੱਚ ਉਹ ਪ੍ਰਣ ਕਰਦੇ ਹਨ ਕਿ ਉਹ ਉਨ੍ਹਾਂ ਮ੍ਰਿਤ-ਦੇਹਾਂ ਦਾ ਹਮੇਸ਼ਾ ਸਤਿਕਾਰ ਕਰਨਗੇ ਜਿਨ੍ਹਾਂ 'ਤੇ ਉਹ ਕੰਮ ਕਰਨ ਜਾ ਰਹੇ ਹਨ। ਮ੍ਰਿਤ-ਦੇਹ ਪ੍ਰਤੀ ਸਤਿਕਾਰ, ਸਿੱਖਿਆ ਪ੍ਰਕਿਰਿਆ ਦਾ ਇੱਕ ਅਨਿੱਖੜਵਾਂ ਅੰਗ ਹੈ, ਕਿਉਂਕਿ ਇੱਕ ਡਾਕਟਰ-ਵਿਦਿਆਰਥੀ ਲਈ ਮ੍ਰਿਤ-ਦੇਹ ਉਸਦਾ ਪਹਿਲਾ ਅਧਿਆਪਕ ਅਤੇ ਪਹਿਲਾ ਮਰੀਜ਼ ਦੋਵੇਂ ਹੁੰਦੀ ਹੈ। ਐੱਮਬੀਬੀਐੱਸ ਦੇ ਨਵੇਂ 'ਯੋਗਤਾ-ਆਧਾਰਿਤ ਪਾਠਕ੍ਰਮ' ਵਿੱਚ ਮ੍ਰਿਤ-ਦੇਹ ਆਧਾਰਿਤ ਸਿੱਖਿਆ ਦੌਰਾਨ ਕਿੱਤਾ ਤੇ ਨੈਤਿਕ ਰਵੱਈਏ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਹੈ। ਸਮਾਗਮ 'ਐਨਾਟਮੀ' (ਸਰੀਰ ਰਚਨਾ ਵਿਗਿਆਨ) ਵਿਭਾਗ ਵੱਲੋਂ ਕਰਵਾਇਆ। ਇਸ ਮੌਕੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਪ੍ਰਿੰਸੀਪਲ ਡਾ. ਜੈਰਾਜ ਪਾਂਡੀਅਨ, ਵਾਈਸ ਪ੍ਰਿੰਸੀਪਲ ਡਾ. ਦਿਨੇਸ਼ ਬਡਿਆਲ, ਡਾ. ਅਭਿਲਾਸ਼ਾ, ਡਾ. ਸ਼ਰੀਨ ਅਤੇ ਕੋਆਰਡੀਨੇਟਰ ਡਾ. ਨਿਖਿਲ ਗੌਤਮ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸਮਾਰੋਹ ਦੀ ਸ਼ੁਰੂਆਤ ਰੈਵਰੈਂਡ ਨਿਤਿਨ ਦੁਆਰਾ ਕੀਤੀ ਗਈ ਪ੍ਰਾਰਥਨਾ ਨਾਲ ਹੋਈ, ਜਿਸ ਤੋਂ ਬਾਅਦ ਐਨਾਟਮੀ ਵਿਭਾਗ ਦੀ ਮੁਖੀ ਡਾ. ਅਪਰਾਜਿਤਾ ਸਿੱਕਾ ਨੇ ਸਾਰਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ 'ਕੈਡੇਵਰਿਕ ਓਥ' ਦੀ ਮਹੱਤਤਾ ਸਮਝਾਉਂਦਿਆਂ ਕਿਹਾ ਕਿ ਇਹ ਮ੍ਰਿਤ-ਦੇਹਾਂ ਕਦੇ ਜਿਉਂਦੇ-ਜਾਗਦੇ ਇਨਸਾਨ ਸਨ, ਜਿਨ੍ਹਾਂ ਨੇ ਡਾਕਟਰੀ ਸਿੱਖਿਆ ਲਈ ਆਪਣੇ ਸਰੀਰ ਦਾਨ ਕਰਨ ਦਾ ਮਹਾਨ ਬਲੀਦਾਨ ਦਿੱਤਾ ਹੈ; ਇਸ ਲਈ ਇਨ੍ਹਾਂ ਨਾਲ ਪੂਰੀ ਮਰਿਆਦਾ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਮ੍ਰਿਤ-ਦੇਹਾਂ ਦੇ ਸਤਿਕਾਰ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਣ ਦੇ ਇਸ ਮੌਕੇ ਦਾ ਪੂਰਾ ਲਾਭ ਚੁੱਕਣਾ ਚਾਹੀਦਾ ਹੈ, ਕਿਉਂਕਿ ਖੁਦ ਆਪਣੇ ਹੱਥਾਂ ਨਾਲ ਅਧਿਐਨ ਕਰਨ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਵੇਂ 'ਐਨਾਟਮੀ' (ਸਰੀਰ ਰਚਨਾ ਵਿਗਿਆਨ) ਭਵਿੱਖ ਦੇ ਕਲੀਨਿਕਲ ਅਭਿਆਸ (ਮਰੀਜ਼ਾਂ ਦੇ ਇਲਾਜ) ਦੀ ਨੀਂਹ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਜੈਰਾਜ ਪਾਂਡੀਅਨ ਨੇ ਜ਼ੋਰ ਦੇ ਕੇ ਕਿਹਾ ਕਿ ਐਨਾਟਮੀ ਉਨ੍ਹਾਂ ਦੇ ਡਾਕਟਰੀ ਕਰੀਅਰ ਦਾ ਆਧਾਰ ਹੈ। ਇਸ ਮੌਕੇ ਡਾ ਨੀਲੂ ਲੂਥਰ ਨੇ ਮ੍ਰਿਤਕ ਦੇਹਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।