- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
84 ਕਰੋੜ ਦੇ ਸਵੀਪਿੰਗ ਟੈਂਡਰ ’ਤੇ ਗੌਰਵ ਭੱਟੀ ਨੇ ਨਿਗਮ ਨੂੰ ਘੇਰਿਆ

-697 ਕਿਲੋਮੀਟਰ ਸੜਕਾਂ ਦੀ ਮਿਣਤੀ ਦਾ ਮੰਗਿਆ ਰਿਕਾਰਡ, ਟੁੱਟੀਆਂ ਸੜਕਾਂ ਦਾ ਜਲਦ ਹੋਵੇ ਹੱਲ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ ਲੁਧਿਆਣਾ
ਨਗਰ ਨਿਗਮ ਦੇ ਮਕੈਨੀਕਲ ਸਵੀਪਿੰਗ ਟੈਂਡਰ ਨੂੰ ਲੈ ਕੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਨੇ ‘ਆਪ’ ਨੂੰ ਘੇਰਦਿਆਂ 697 ਕਿਲੋਮੀਟਰ ਸੜਕਾਂ ਦੀ ਮਿਣਤੀ ਅਤੇ ਸਫ਼ਾਈ ਸਬੰਧੀ ਵੇਰਵੇ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਸੜਕਾਂ ਦੀ ਮਿਣਤੀ ਕਿਸ ਨੇ, ਕਦੋਂ ਅਤੇ ਕਿਸ ਦੇ ਹੁਕਮਾਂ ’ਤੇ ਕੀਤੀ। ਉਨ੍ਹਾਂ ਟੇਬਲ ਏਜੰਡੇ ਰਾਹੀਂ ਪ੍ਰਸਤਾਵ ਲਿਆਉਣ ’ਤੇ ਵੀ ਇਤਰਾਜ਼ ਜਤਾਇਆ। ਕੌਂਸਲਰ ਭੱਟੀ ਨੇ ਕਿਹਾ ਕਿ ਹਲਕਾ ਈਸਟ ਦੇ ‘ਆਪ’ ਕੌਂਸਲਰ ਅਮਰਜੀਤ ਸਿੰਘ ਵੱਲੋਂ 697 ਕਿਲੋਮੀਟਰ ਸੜਕਾਂ ਦੀ ਸਵੀਪਿੰਗ ਸਬੰਧੀ ਦਿੱਤੇ ਪੱਤਰ ਦੇ ਆਧਾਰ ’ਤੇ ਸਪੱਸ਼ਟ ਕੀਤਾ ਜਾਵੇ ਕਿ ਕੀ ਮਿਣਤੀ ਲਈ ਕੋਈ ਅਧਿਕਾਰਤ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਪੁੱਛਿਆ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਕਿੰਨੀਆਂ ਦੀ ਮੁਰੰਮਤ ਹੋਣੀ ਹੈ ਅਤੇ ਜੇਕਰ ਸੜਕ ਦੀ ਹਾਲਤ ਕਾਰਨ ਸਫ਼ਾਈ ਨਹੀਂ ਹੁੰਦੀ ਤਾਂ ਠੇਕੇਦਾਰ ਦੇ ਭੁਗਤਾਨ ਵਿੱਚ ਕਟੌਤੀ ਕਿਵੇਂ ਹੋਵੇਗੀ। ਉਨ੍ਹਾਂ ਸੜਕਾਂ ਅਤੇ ਫੁੱਟਪਾਥ ਧੋਣ ਲਈ ਪਾਣੀ ਦੀ ਖਪਤ, ਖ਼ਰਚੇ ਅਤੇ ਸੜਕਾਂ ਨੂੰ ਸੰਭਾਵੀ ਨੁਕਸਾਨ ਬਾਰੇ ਵੀ ਵੇਰਵਾ ਮੰਗਿਆ।
ਕੌਂਸਲਰ ਭੱਟੀ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਪ੍ਰਸਤਾਵ ’ਤੇ ਸਾਰੇ 94 ਕੌਂਸਲਰਾਂ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਸੀ। ਉਨ੍ਹਾਂ ਟੈਂਡਰ ਦੀਆਂ ਸ਼ਰਤਾਂ, ਸੜਕਾਂ ਦੀ ਸੂਚੀ ਅਤੇ ਮਿਣਤੀ ਦੇ ਰਿਕਾਰਡ ਜਨਤਕ ਕਰਨ ਦੀ ਮੰਗ ਕੀਤੀ। ਨਾਲ ਹੀ ਪੁੱਛਿਆ ਕਿ ਨਵਾਂ ਠੇਕਾ ਲਾਗੂ ਹੋਣ ’ਤੇ ਮੌਜੂਦਾ ਸਫ਼ਾਈ ਕਰਮਚਾਰੀਆਂ ਦੀ ਕੀ ਭੂਮਿਕਾ ਹੋਵੇਗੀ ਤੇ ਕੰਮ ਵਿੱਚ ਲਾਪਰਵਾਹੀ ਦੀ ਸ਼ਿਕਾਇਤ ਕਿਸ ਅਧਿਕਾਰੀ ਕੋਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਦੀ ਵਰਤੋਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਨੂੰ ਇਨ੍ਹਾਂ ਸਵਾਲਾਂ ਦੇ ਦਸਤਾਵੇਜ਼ੀ ਜਵਾਬ ਦੇਣੇ ਚਾਹੀਦੇ ਹਨ।
-ਸ਼ਹਿਰ ਦੀ ਸਫ਼ਾਈ ਬਿਹਤਰ ਬਣਾਉਣ ਲਈ ਲਿਆਂਦਾ ਪ੍ਰੋਜੈਕਟ : ਕੌਂਸਲਰ ਅਮਰਜੀਤ ਸਿੰਘ
ਵਾਰਡ-28 ਦੇ ਕੌਂਸਲਰ ਅਮਰਜੀਤ ਸਿੰਘ ਨੇ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਪ੍ਰੋਜੈਕਟ ਲੁਧਿਆਣਾ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਲਿਆਂਦਾ ਗਿਆ ਹੈ। ਜੇਕਰ ਕਿਸੇ ਕੌਂਸਲਰ ਨੂੰ ਇਸ ’ਤੇ ਕੋਈ ਇਤਰਾਜ਼ ਹੈ ਤਾਂ ਉਹ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨਾਲ ਬੈਠ ਕੇ ਚਰਚਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਤਰਾਜ਼ਾਂ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ।