- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਤੇ ਜ਼ਰੁੂਰੀ ਖ਼ਬਰ-ਸ਼ੇਰਪੁਰ ਚੌਂਕ ਤੋਂ ਸਾਹਨੇਵਾਲ ਤੱਕ ਦੋ ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਮੰਗ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਸ਼ੇਰਪੁਰ ਚੌਂਕ ਤੋਂ ਸਾਹਨੇਵਾਲ ਤੱਕ ਫੈਲੇ ਉਦਯੋਗਿਕ ਖੇਤਰ ਵਿੱਚ ਘੱਟੋ-ਘੱਟ ਦੋ ਨਵੇਂ ਫਾਇਰ ਬ੍ਰਿਗੇਡ ਸਟੇਸ਼ਨ ਸਥਾਪਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਹਲਕਾ ਲੁਧਿਆਣਾ ਦੱਖਣੀ ਦੀ ਵਿਧਾਇਕਾ ਬੀਬਾ ਰਜਿੰਦਰਪਾਲ ਕੌਰ ਛੀਨਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਦਯੋਗ ਮੰਤਰੀ ਅਮਨ ਅਰੋੜਾ ਨੂੰ ਅਪੀਲ ਕੀਤੀ ਕਿ ਉਦਯੋਗਿਕ ਇਕਾਈਆਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ। ਮੱਕੜ ਨੇ ਕਿਹਾ ਕਿ ਢੰਡਾਰੀ ਕਲਾਂ, ਇੰਡਸਟਰੀਅਲ ਏਰੀਆ-ਸੀ, ਜਸਪਾਲ ਬਾਂਗਰ, ਲੋਹਾਰਾ, ਗਿਆਸਪੁਰਾ, ਕੰਗਣਵਾਲ ਅਤੇ ਸਾਹਨੇਵਾਲ ਸਮੇਤ ਇਸ ਖੇਤਰ ਵਿੱਚ ਹਜ਼ਾਰਾਂ ਉਦਯੋਗਿਕ ਇਕਾਈਆਂ, ਗੋਦਾਮ ਅਤੇ ਵਪਾਰਕ ਅਦਾਰੇ ਹਨ। ਇਨ੍ਹਾਂ ਇਲਾਕਿਆਂ ਵਿੱਚ ਅੱਗ ਲੱਗਣ ਦੀ ਸਥਿਤੀ ਵਿੱਚ ਸਮੇਂ ਸਿਰ ਫਾਇਰ ਬ੍ਰਿਗੇਡ ਦੀ ਸਹੂਲਤ ਮਿਲਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਫਾਇਰ ਸਟੇਸ਼ਨਾਂ ਤੋਂ ਦੂਰੀ ਅਤੇ ਆਵਾਜਾਈ ਕਾਰਨ ਅੱਗ ਬੁਝਾਊ ਗੱਡੀਆਂ ਨੂੰ ਘਟਨਾ ਵਾਲੀ ਥਾਂ ’ਤੇ ਪਹੁੰਚਣ ਵਿੱਚ ਦੇਰੀ ਹੋ ਸਕਦੀ ਹੈ। ਗੱਡੀਆਂ ਵਿੱਚ ਪਾਣੀ ਖ਼ਤਮ ਹੋਣ ’ਤੇ ਦੁਬਾਰਾ ਪਾਣੀ ਭਰਨ ਲਈ ਲੱਗਣ ਵਾਲਾ ਸਮਾਂ ਵੀ ਨੁਕਸਾਨ ਵਧਾ ਸਕਦਾ ਹੈ। ਅੱਗ ਦੀ ਛੋਟੀ ਜਿਹੀ ਘਟਨਾ ਵੀ ਭਿਆਨਕ ਰੂਪ ਧਾਰਨ ਕਰ ਸਕਦੀ ਹੈ, ਜਿਸ ਨਾਲ ਮਸ਼ੀਨਰੀ, ਕੱਚਾ ਮਾਲ, ਤਿਆਰ ਮਾਲ ਅਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਵੇਂ ਫਾਇਰ ਸਟੇਸ਼ਨਾਂ ’ਤੇ ਲੋੜੀਂਦੀਆਂ ਗੱਡੀਆਂ, ਸਿਖਲਾਈ ਪ੍ਰਾਪਤ ਸਟਾਫ਼ ਅਤੇ ਆਧੁਨਿਕ ਅੱਗ ਬੁਝਾਊ ਉਪਕਰਨ ਉਪਲਬਧ ਕਰਵਾਏ ਜਾਣ। ਉਦਯੋਗਿਕ ਖੇਤਰ ਵਿੱਚ ਪਾਣੀ ਦੇ ਹਾਈਡ੍ਰੈਂਟਾਂ ਦੀ ਸਥਿਤੀ ਦੀ ਜਾਂਚ ਕਰਕੇ ਘਾਟਾਂ ਦੂਰ ਕੀਤੀਆਂ ਜਾਣ ਅਤੇ ਨਵੇਂ ਸਟੇਸ਼ਨ ਸਥਾਪਤ ਹੋਣ ਤੱਕ ਫਾਇਰ ਸੇਵਾਵਾਂ ਲਈ ਅੰਤਰਿਮ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੀ ਉਡੀਕ ਕਰਨ ਦੀ ਬਜਾਏ ਸਬੰਧਤ ਵਿਭਾਗ ਤੋਂ ਸਰਵੇ ਕਰਵਾਇਆ ਜਾਵੇ ਤੇ ਸਨਅਤੀ ਖੇਤਰ ਦੀਆਂ ਲੋੜਾਂ ਅਨੁਸਾਰ ਘੱਟੋ-ਘੱਟ ਦੋ ਨਵੇਂ ਫਾਇਰ ਬ੍ਰਿਗੇਡ ਸਟੇਸ਼ਨਾਂ ਦੀ ਸਥਾਪਨਾ ਨੂੰ ਜਲਦ ਮਨਜ਼ੂਰੀ ਦਿੱਤੀ ਜਾਵੇ।