- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਟੋ ਚਾਲਕ ’ਤੇ ਪਰਸ ਚੋਰੀ ਕਰਨ ਅਤੇ ਏਟੀਐਮ ਕਾਰਡ ਰਾਹੀਂ 30 ਹਜ਼ਾਰ ਰੁਪਏ ਕਢਵਾਉਣ ਦੇ ਦੋਸ਼

-ਪੁਲਿਸ ਨੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਵਿੱਚ ਆਟੋ ਰਿਕਸ਼ਾ ਵਿੱਚ ਸਫ਼ਰ ਕਰ ਰਹੇ ਇੱਕ ਵਿਅਕਤੀ ਦਾ ਪਰਸ ਚੋਰੀ ਹੋਣ ਅਤੇ ਉਸ ਦੇ ਏਟੀਐਮ ਕਾਰਡ ਰਾਹੀਂ ਬੈਂਕ ਖਾਤੇ ਵਿੱਚੋਂ 30 ਹਜ਼ਾਰ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਮਪਾਲ ਪੁੱਤਰ ਮੁਲਕ ਰਾਜ, ਵਾਸੀ ਸ਼ਹੀਦ ਭਗਤ ਸਿੰਘ ਕਲੋਨੀ, ਸਲੇਮ ਟਾਬਰੀ, ਲੁਧਿਆਣਾ ਨੇ ਦੱਸਿਆ ਕਿ ਉਹ ਪੁਰਾਣੀ ਸਬਜ਼ੀ ਮੰਡੀ ਤੋਂ ਕ੍ਰਿਸ਼ਨ ਸਵੀਟ ਸ਼ਾਪ ਦੇ ਨੇੜੇ ਇੱਕ ਆਟੋ ਰਿਕਸ਼ਾ ਵਿੱਚ ਬੈਠਿਆ ਸੀ। ਸ਼ਿਕਾਇਤਕਰਤਾ ਅਨੁਸਾਰ, ਜਦੋਂ ਆਟੋ ਸਲੇਮ ਟਾਬਰੀ ਦੇ ਨੇੜੇ ਪਹੁੰਚਿਆ ਤਾਂ ਚਾਲਕ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਆਟੋ ਵਿੱਚੋਂ ਉਤਰਨ ਮਗਰੋਂ ਜਦੋਂ ਉਸ ਨੇ ਆਪਣਾ ਸਾਮਾਨ ਚੈੱਕ ਕੀਤਾ ਤਾਂ ਉਸ ਦਾ ਪਰਸ ਗਾਇਬ ਸੀ। ਪਰਸ ਵਿੱਚ 7 ਹਜ਼ਾਰ ਰੁਪਏ ਨਕਦ, ਏਟੀਐਮ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਰਾਮਪਾਲ ਨੇ ਸ਼ੱਕ ਜ਼ਾਹਿਰ ਕੀਤਾ ਕਿ ਆਟੋ ਚਾਲਕ ਨੇ ਹੀ ਉਸ ਦਾ ਪਰਸ ਚੋਰੀ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਉਸ ਦੇ ਸੈਂਟਰਲ ਬੈਂਕ ਦੇ ਖਾਤੇ ਨਾਲ ਸਬੰਧਤ ਏਟੀਐਮ ਕਾਰਡ ਰਾਹੀਂ 30 ਹਜ਼ਾਰ ਰੁਪਏ ਵੀ ਕਢਵਾ ਲਏ ਗਏ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਰਾਮਪਾਲ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰਵਾ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।