- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਦੀ ਮੌਤ ਮਗਰੋਂ ਭੜਕਿਆ ਗੁੱਸਾ, ਮੈਡੀਕਲ ਸਟੋਰ ’ਤੇ ਭੰਨਤੋੜ; ਕੈਮਿਸਟ ਗ੍ਰਿਫ਼ਤਾਰ

-ਪਾਬੰਦੀਸ਼ੁਦਾ ਦਵਾਈਆਂ ਵੇਚਣ ਦੇ ਦੋਸ਼, ਫੈਕਟਰੀ ’ਚ ਅਚਾਨਕ ਡਿੱਗਿਆ ਸੀ ਸਾਹਿਲ ਠਾਕੁਰ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਕਰਾਬਾਰਾ ਰੋਡ ਸਥਿਤ ਪੁਰਾਣੀ ਸਬਜ਼ੀ ਮੰਡੀ ਇਲਾਕੇ ਵਿੱਚ ਵੀਰਵਾਰ ਨੂੰ ਉਸ ਸਮੇਂ ਤਣਾਅ ਵਾਲਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਇਕ ਮੈਡੀਕਲ ਸਟੋਰ ’ਤੇ ਹਮਲਾ ਕਰਕੇ ਭੰਨ-ਤੋੜ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨੌਜਵਾਨ ਨੇ ਸਬੰਧਤ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਖਰੀਦੀਆਂ ਸਨ, ਜਿਨ੍ਹਾਂ ਦੇ ਸੇਵਨ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਕੱਠੀ ਹੋਈ ਭੀੜ ਨੇ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਤੇ ਅੰਦਰ ਪਈਆਂ ਦਵਾਈਆਂ ਦਾ ਸਟਾਕ ਖਿਲਾਰ ਦਿੱਤਾ। ਇਸ ਦੌਰਾਨ ਦੁਕਾਨਦਾਰ ਨੂੰ ਵੀ ਸੱਟਾਂ ਲੱਗੀਆਂ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਤੇ ਸਥਿਤੀ ਨੂੰ ਕਾਬੂ ਹੇਠ ਲਿਆ। ਪੁਲਿਸ ਨੇ ਮੈਡੀਕਲ ਸਟੋਰ ਦੇ ਸੰਚਾਲਕ ਜਸਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸਾਹਿਲ ਠਾਕੁਰ ਉਰਫ਼ ਸੰਪੀ ਵਜੋਂ ਹੋਈ ਹੈ, ਜੋ ਕਰਾਬਾਰਾ ਇਲਾਕੇ ਦਾ ਰਹਿਣ ਵਾਲਾ ਸੀ ਤੇ ਹੌਜ਼ਰੀ ਦਾ ਕਾਰੋਬਾਰ ਕਰਦਾ ਸੀ। ਸਾਹਿਲ ਨੇ ਵੀਰਵਾਰ ਦੁਪਹਿਰ ਨੂੰ ਮਨਜੀਤ ਮੈਡੀਕਲ ਸਟੋਰ ਤੋਂ ਦਵਾਈ ਖਰੀਦੀ ਸੀ।
ਇਸ ਤੋਂ ਬਾਅਦ ਉਹ ਆਪਣੀ ਫੈਕਟਰੀ ਵਾਪਸ ਚਲਾ ਗਿਆ, ਜਿੱਥੇ ਅਚਾਨਕ ਉਸਦੀ ਸਿਹਤ ਵਿਗੜ ਗਈ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਫੈਕਟਰੀ ’ਚ ਮੌਜੂਦ ਮੁਲਾਜ਼ਮ ਉਸਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਾਹਿਲ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਵਿੱਚ ਸੋਗ ਦੇ ਨਾਲ-ਨਾਲ ਗੁੱਸੇ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਨੂੰ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੇ ਸੇਵਨ ਕਾਰਨ ਉਸ ਦੀ ਜਾਨ ਚਲੀ ਗਈ। ਇਸੇ ਦੋਸ਼ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੋਕ ਮੈਡੀਕਲ ਸਟੋਰ ਦੇ ਬਾਹਰ ਇਕੱਠੇ ਹੋ ਗਏ। ਗੁੱਸੇ ਵਿੱਚ ਆਏ ਲੋਕਾਂ ਨੇ ਦੁਕਾਨ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਅੰਦਰ ਪਈਆਂ ਦਵਾਈਆਂ ਦੀ ਭੰਨ-ਤੋੜ ਕਰਦਿਆਂ ਸਾਮਾਨ ਖਿਲਾਰ ਦਿੱਤਾ।
-ਮੈਡੀਕਲ ਸਟੋਰ ਵਾਲੇ ਦੀ ਵੀ ਕੀਤੀ ਕੁੱਟਮਾਰ
ਇਸ ਦੌਰਾਨ ਜਦੋਂ ਕੈਮਿਸਟ ਨੇ ਭੀੜ ਨੂੰ ਰੋਕਣ ਅਤੇ ਮਾਮਲੇ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਦੀ ਵੀ ਕੁੱਟਮਾਰ ਕਰ ਦਿੱਤੀ। ਇਸ ਕਾਰਨ ਉਸ ਦੇ ਸਿਰ ਅਤੇ ਕੰਨ ’ਤੇ ਸੱਟਾਂ ਲੱਗੀਆਂ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਨੂੰ ਸੰਭਾਲਿਆ। ਪੁਲਿਸ ਨੇ ਮੈਡੀਕਲ ਸਟੋਰ ਦੇ ਸੰਚਾਲਕ ਜਸਵਿੰਦਰ ਕੁਮਾਰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ।
-ਬਾਕਸ-
-ਦਵਾਈਆਂ ਵੇਚਣ ਦੇ ਲੱਗੇ ਦੋਸ਼
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਸਬੰਧਤ ਮੈਡੀਕਲ ਸਟੋਰ ਤੋਂ ਨਸ਼ੀਲੇ ਪਦਾਰਥ ਵੇਚੇ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਹਿਲ ਵੱਲੋਂ ਖਰੀਦੀ ਗਈ ਦਵਾਈ ਉਸ ਦੀ ਮੌਤ ਦਾ ਕਾਰਨ ਬਣੀ। ਲੋਕਾਂ ਨੇ ਇਸ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਾਹਿਲ ਦੀ ਮੌਤ ਨਾਲ ਉਸ ਦੀ ਛੇ ਸਾਲ ਦੀ ਧੀ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਹਾਲਾਂਕਿ, ਦਵਾਈ ਦੇ ਸੇਵਨ ਅਤੇ ਮੌਤ ਵਿਚਕਾਰ ਸਿੱਧੇ ਸਬੰਧ ਦੀ ਪੁਸ਼ਟੀ ਜਾਂਚ ਅਤੇ ਡਾਕਟਰੀ ਰਿਪੋਰਟਾਂ ਤੋਂ ਬਾਅਦ ਹੀ ਹੋ ਸਕੇਗੀ।
-ਬਾਕਸ-
-ਕੈਮਿਸਟ ਨੇ ਦੋਸ਼ਾਂ ਤੋਂ ਕੀਤਾ ਇਨਕਾਰ
ਦੂਜੇ ਪਾਸੇ, ਮੈਡੀਕਲ ਸਟੋਰ ਦੇ ਸੰਚਾਲਕ ਜਸਵਿੰਦਰ ਕੁਮਾਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਸਾਹਿਲ ਨੂੰ ਕੋਈ ਵੀ ਨਸ਼ੀਲੀ ਦਵਾਈ ਨਹੀਂ ਵੇਚੀ। ਉਸ ਨੇ ਦਾਅਵਾ ਕੀਤਾ ਕਿ ਸਾਹਿਲ ਪਹਿਲਾਂ ਤੋਂ ਹੀ ਚਿੱਟੇ ਦਾ ਸੇਵਨ ਕਰਦਾ ਸੀ ਤੇ ਉਸ ਦੀ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜਸਵਿੰਦਰ ਨੇ ਇਹ ਵੀ ਕਿਹਾ ਕਿ ਉਸ ਕੋਲ ਦੁਕਾਨ ਦੀ ਸੀਸੀਟੀਵੀ ਪ੍ਰਣਾਲੀ ਦੀ ਰਿਕਾਰਡਿੰਗ ਮੌਜੂਦ ਹੈ, ਜਿਸ ਨੂੰ ਦਿਖਾ ਕੇ ਉਹ ਆਪਣਾ ਪੱਖ ਰੱਖ ਸਕਦਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਵਿਕਰੀ ਸਬੰਧੀ ਕੋਈ ਮਾਮਲਾ ਦਰਜ ਨਹੀਂ ਹੈ ਅਤੇ ਉਸ ਨੂੰ ਬੇਵਜ੍ਹਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
-ਬਾਕਸ-
-ਗੈਰ-ਇਰਾਦਤਨ ਕਤਲ ਦੇ ਦੋਸ਼ ਹੇਠ ਕੇਸ ਦਰਜ
ਇਸ ਮਾਮਲੇ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ-1 ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਮੈਡੀਕਲ ਸਟੋਰ ਦੇ ਸੰਚਾਲਕ ਜਸਵਿੰਦਰ ਕੁਮਾਰ ਖ਼ਿਲਾਫ਼ ਕਤਲ ਦੀ ਸ਼੍ਰੇਣੀ ’ਚ ਨਾ ਆਉਣ ਵਾਲੇ ਗੈਰ-ਇਰਾਦਤਨ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੈਮਿਸਟ ਨੇ ਮ੍ਰਿਤਕ ਨੂੰ ਕੁਝ ਪਾਬੰਦੀਸ਼ੁਦਾ ਗੋਲੀਆਂ ਵੇਚੀਆਂ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਮ੍ਰਿਤਕ ਨੂੰ ਕਿਹੜੀਆਂ ਦਵਾਈਆਂ ਦਿੱਤੀਆਂ ਗਈਆਂ ਸਨ, ਉਹ ਦਵਾਈਆਂ ਪਾਬੰਦੀਸ਼ੁਦਾ ਸਨ ਜਾਂ ਨਹੀਂ ਤੇ ਉਨ੍ਹਾਂ ਦਾ ਮੌਤ ਨਾਲ ਕੋਈ ਸਬੰਧ ਹੈ ਜਾਂ ਨਹੀਂ। ਇਸ ਦੇ ਨਾਲ ਹੀ ਮੈਡੀਕਲ ਸਟੋਰ ਦੇ ਸੰਚਾਲਕ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸ ਦਾ ਪਹਿਲਾਂ ਵੀ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨਾਲ ਕੋਈ ਸਬੰਧ ਰਿਹਾ ਹੈ ਜਾਂ ਨਹੀਂ। ਫਿਲਹਾਲ ਇਸ ਮਾਮਲੇ ਵਿੱਚ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਨਾਲ-ਨਾਲ ਕੈਮਿਸਟ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਦੀ ਵੀ ਜਾਂਚ ਜਾਰੀ ਹੈ। ਸਾਹਿਲ ਦੀ ਮੌਤ ਦੇ ਅਸਲ ਕਾਰਨਾਂ ਤੇ ਕਥਿਤ ਪਾਬੰਦੀਸ਼ੁਦਾ ਦਵਾਈਆਂ ਦੀ ਭੂਮਿਕਾ ਬਾਰੇ ਅੰਤਿਮ ਤਸਵੀਰ ਜਾਂਚ ਪੂਰੀ ਹੋਣ ਅਤੇ ਸੰਬੰਧਿਤ ਡਾਕਟਰੀ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।