- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਰਿਹਾ 9 ਘੰਟੇ ਵਾਹਨਾਂ ਲਈ ਮੁਫਤ

ਫੋਟੋ ਨੰਬਰ-20,21,22,23,24
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਨਸ਼ਾ ਤੱਸਕਰਾਂ ਵੱਲੋਂ ਨਸ਼ਾ ਵਿਰੋਧੀ ਲਹਿਰ ਦੇ ਆਗੂ ਅਤੇ ਉੱਘੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਪੰਜਾਬ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਸੀ, ਨੂੰ ਮੁੱਖ ਰੱਖਦਿਆਂ ਦਿੱਲੀ-ਅੰਮ੍ਰਿਤਸਰ ਮਾਰਗ ’ਤੇ ਲਾਡੋਵਾਲ ਸਥਿਤ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੀ ਵੀਰਵਾਰ ਸਵੇਰ ਤੋਂ ਟੋਲ ਮੁਲਾਜ਼ਮਾਂ ਵੱਲੋਂ ਵਾਹਨਾਂ ਲਈ ਮੁਫਤ ਕੀਤਾ ਗਿਆ ਪਰ ਬੰਦ ਦਾ ਸੱਦਾ ਹੋਣ ਕਾਰਨ ਸੜਕਾਂ ’ਤੇ ਬਹੁਤ ਹੀ ਘੱਟ ਵਾਹਨ ਵੇਖਣ ਨੂੰ ਮਿਲੇ। ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰਾਂ ਵੱਲੋਂ ਆ ਕੇ ਟੋਲ ਪਲਾਜ਼ਾ ਨੂੰ ਬੰਦ ਕਰਵਾਇਆ ਗਿਆ। ਵਾਰਿਸ ਪੰਜਾਬ ਦੀ ਵੋਮੈਨ ਵਿੰਗ ਪੰਜਾਬ ਦੀ ਆਗੂ ਬੀਬੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਵਾਰਿਸ ਪੰਜਾਬ ਦੇ ਵਰਕਰਾਂ ਨੇ ਟੋਲ ਦੇ ਦੋਵੇਂ ਪਾਸੇ ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕ ਦਿੱਤਾ, ਜਿਸ ਪਿੱਛੋਂ ਥੋੜ੍ਹੇ ਸਮੇਂ ਬਾਅਦ ਹੀ ਟੋਲ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਸਬੰਧੀ ਜਿਉਂ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ, ਤਾਂ ਜਤਿੰਦਰਪਾਲ ਸਿੰਘ ਡੀਐੱਸਪੀ ਅਤੇ ਐੱਸਐੱਚਓ ਲਾਡੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪਹੁੰਚ ਗਏ।
ਇਸ ਮੌਕੇ ਸਥਿਤੀ ਨੂੰ ਭਾਂਪਦਿਆਂ ਡੀਐੱਸਪੀ ਨੇ ਵਾਰਿਸ ਪੰਜਾਬ ਅਕਾਲੀ ਦਲ ਦੀ ਪੰਜਾਬ ਦੀ ਵੋਮੈਨ ਵਿੰਗ ਦੀ ਪ੍ਰਧਾਨ ਹਰਪ੍ਰੀਤ ਕੌਰ ਨਾਲ ਗੱਲਬਾਤ ਕਰਦਿਆਂ ਵਾਹਨ ਨਾ ਰੋਕਣ ਦੀ ਅਪੀਲ ਕੀਤੀ ਪਰ ਪਹਿਲਾਂ ਤਾਂ ਬੀਬੀ ਹਰਪ੍ਰੀਤ ਕੌਰ ਵਾਹਨ ਲੰਘਾਉਣ ਲਈ ਸਹਿਮਤ ਨਾ ਹੋਈ। ਇਸ ਮੌਕੇ ਸਥਿਤੀ ਗੰਭੀਰ ਹੁੰਦੀ ਵੇਖ ਕੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਪਹੁੰਚ ਗਏ, ਜਿਨ੍ਹਾਂ ਨੇ ਬਹੁਤ ਹੀ ਸੰਵੇਦਨਸ਼ੀਲ ਮਾਹੌਲ ਨੂੰ ਸ਼ਾਂਤ ਕਰਨ ਲਈ ਬੀਬੀ ਹਰਪ੍ਰੀਤ ਕੌਰ ਨਾਲ ਆਪਣੀ ਗੱਲਬਾਤ ਜਾਰੀ ਰੱਖੀ।
-ਬਾਕਸ-
-ਝੋਟਾ ਦੇ ਕਤਲ ਨੇ ਲੋਕਾਂ ਨੂੰ ਹਲੂਣਦਿਆਂ ਨਸ਼ਿਆਂ ਵਿਰੁੱਧ ਸੰਘਰਸ਼ ਵਿੱਢਣ ਦੀ ਕੀਤੀ ਅਪੀਲ
ਪੁਲਿਸ ਅਧਿਕਾਰੀਆਂ ਨੇ ਆਮ ਲੋਕਾਂ ਦੀ ਮਦਦ ਲਈ ਮਹਿਲਾ ਆਗੂ ਨੂੰ ਫਿਰ ਅਪੀਲ ਕੀਤੀ, ਜਿਸ ਪਿੱਛੋਂ ਬੀਬੀ ਨੇ ਆਪਣੀ ਸਹਿਮਤੀ ਦਿੰਦਿਆਂ ਟੋਲ ਦੇ ਦੋਵੇਂ ਪਾਸੇ ਇੱਕ-ਇੱਕ ਬੂਥ ਖੋਲ੍ਹ ਦਿੱਤਾ, ਤਦ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ। ਲਗਭਗ 3 ਕੁ ਵਜੇ ਤੋਂ ਬਾਅਦ ਆਉਣ-ਜਾਣ ਵਾਲੇ ਸਾਰੇ ਵਾਹਨਾਂ ਲਈ ਬੂਥ ਖੋਲ੍ਹ ਦਿੱਤੇ ਗਏ। ਇਸ ਮੌਕੇ ਕਿਸੇ ਵੀ ਪ੍ਰਕਾਰ ਦੀ ਸੰਭਾਵੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪੁਲਸ ਪ੍ਰਬੰਧ ਕੀਤੇ ਹਨ। ਇਸ ਮੌਕੇ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਪੰਜਾਬ ਦੇ ਲੋਕਾਂ ਨੂੰ ਹਲੂਣਦਿਆਂ ਨਸ਼ਿਆਂ ਵਿਰੁੱਧ ਇੱਕ ਮੰਚ ਉੱਪਰ ਇਕੱਠੇ ਹੋ ਕੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਨਸ਼ਿਆਂ ਨੂੰ ਨਾ ਰੋਕਿਆ ਤਾਂ ਉਹ ਦਿਨ ਦੂਰ ਨਹੀਂ ਹੋਣਗੇ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਨਿਗਲਣ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ’ਚ ਨਸ਼ਿਆਂ ਦਾ ਹੜ੍ਹ ਆ ਗਿਆ ਹੈ ਅਤੇ ਹੁਣ ਹਰ ਘਰ ਵਿੱਚ ਨਸ਼ਾ ਪਹੁੰਚ ਗਿਆ ਹੈ। ਅੰਤ ’ਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਦਰਜਨਾਂ ਨੌਜਵਾਨ ਮੁੰਡੇ ਕੁੜੀਆਂ ਚਿੱਟੇ ਨਾਲ ਮਰ ਰਹੇ ਹਨ। ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਰੋਸ ਮੁਜ਼ਾਹਰਾ ਕਰਨ ਲਈ ਅੱਜ ਪੂਰੇ ਪੰਜਾਬ ਵਿੱਚ ਟੋਲ ਮੁਲਾਜ਼ਮਾਂ ਵਲੋਂ ਆਉਣ-ਜਾਣ ਵਾਲੇ ਵਾਹਨਾਂ ਲਈ ਟੋਲ ਪਲਾਜ਼ੇ ਮੁਫ਼ਤ ਕੀਤੇ।
-ਪੰਜਾਬ ਹਿਤੈਸ਼ੀ ਸੋਚ ਨੂੰ ਕਿਰਿਆਸ਼ੀਲ ਰੱਖਣ ਲਈ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ
ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਪ੍ਰਸਿੱਧ ਸਮਾਜ-ਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਅਤੇ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਸਾਂਝੀ ਅਗਵਾਈ 'ਚ ਕੀਤੀ। ਇਸ ਮੌਕੇ ਤਰਨਾਦਲ 96ਵੇਂ ਕਰੋੜੀ ਦੇ ਜਿਲ੍ਹਾ ਜੱਥੇਦਾਰ ਕੁਲਦੀਪ ਸਿੰਘ ਖਾਲਸਾ (ਨਿਰਮਲ ਅਕਾਲ ਬੁੰਗਾ ਬਾਬਾ ਜੁਝਾਰ ਸਿੰਘ ਟਰਾਂਸਪੋਰਟ ਨਗਰ) ਉਚੇਚੇ ਤੌਰ 'ਤੇ ਪੁੱਜੇ। ਇਸ ਮੌਕੇ ਗਰੇਵਾਲ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਬਹੁਤ ਵੱਡਾ ਝਟਕਾ ਲੱਗਾ। ਉਹ ਇਸ ਕਤਲ ਕਾਂਡ ਦੀ ਨਿਖੇਧੀ ਕਰਦਿਆਂ ਹਰ ਪੱਖੋਂ ਪਰਿਵਾਰ ਦੇ ਨਾਲ ਖੜ੍ਹੇ ਹਨ। ਉਹ ਪਰਵਿੰਦਰ ਸਿੰਘ ਝੋਟੇ ਨੂੰ ਨਸ਼ਿਆਂ ਖ਼ਿਲਾਫ਼ ਲੜੀ ਜਾ ਰਹੀ ਜੰਗ ਦੇ ਸ਼ਹੀਦ ਮੰਨਦੇ ਹਨ ਅਤੇ ਉਨ੍ਹਾਂ ਦੀ ਪੰਜਾਬ ਹਿਤੈਸ਼ੀ ਸੋਚ ਨੂੰ ਕਿਰਿਆਸ਼ੀਲ ਰੱਖਣ ਲਈ ਉਹ ਖੁਦ ਨਸ਼ਿਆਂ ਖ਼ਿਲਾਫ਼ ਲੜੀ ਜਾ ਰਹੀ ਜੰਗ 'ਚ ਸ਼ਾਮਲ ਹੋਣਗੇ। ਨਸ਼ਿਆਂ ਨੂੰ ਠੱਲ੍ਹਣ ਲਈ ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਚੇਤਿਆਂ 'ਚ ਜਿੰਦਾ ਰੱਖਣ ਅਤੇ ਖੁਦ ਨੂੰ ਹਲੂਣਾ ਦੇਣ ਦੇ ਮਨੋਰਥ ਨਾਲ ਉਨ੍ਹਾਂ ਦੇ ਨਾਮ ’ਤੇ ਝੋਟਾ ਐਂਟੀ ਡਰੱਗ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜਿਸ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ, ਖੇਡ ਕਲੱਬਾਂ, ਪੱਤਰਕਾਰਾਂ, ਵਕੀਲਾਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਤੇ ਨਿਹੰਗ ਸਿੰਘ ਜੱਥੇਬੰਦੀਆਂ ਦੇ ਸਰਗਰਮ ਆਗੂਆਂ ਨੂੰ ਸ਼ਾਮਲ ਕਰਕੇ ਮੁਹਿੰਮ ਖੜ੍ਹੀ ਕੀਤੀ ਜਾਵੇਗੀ। ਜਥੇ. ਕੁਲਦੀਪ ਸਿੰਘ ਖਾਲਸਾ ਨੇ ਕਿਹਾ ਕਿ ਮੁੱਖ ਜਥੇ. ਕੁਲਵਿੰਦਰ ਸਿੰਘ ਚੌਂਤਾ ਤੇ ਜੱਥੇ. ਰਾਜਾ ਰਾਜ ਸਿੰਘ ਅਰਬਾਂ-ਖਰਬਾਂ ਤਰੁਨਾ ਦਲ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਉਹ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਰਹੇ ਹਨ ਤੇ ਹਰ ਵਿਅਕਤੀ ਨੂੰ ਪੂਰਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਗਰੇਵਾਲ, ਜਿੰਦਰ ਸਿੰਘ ਚੇਅਰਮੈਨ, ਬੰਟੂ ਢੱਕੀ ਵਾਲੇ, ਪਰਮਜੀਤ ਸਿੰਘ, ਜੱਥੇਦਾਰ ਦਲਜੀਤ ਸਿੰਘ, ਬਾਬਾ ਹਰਗੋਬਿੰਦ ਸਿੰਘ, ਬਾਬਾ ਪਵਨਦੀਪ ਸਿੰਘ, ਭਾਈ ਅੰਮ੍ਰਿਤ ਸਿੰਘ, ਬਾਬਾ ਚਰਨਜੀਤ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਪ੍ਰਦੀਪ ਸਿੰਘ, ਭਾਈ ਬਲਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
-ਬਾਕਸ-
-ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਬੰਦ ਦੀ ਹਮਾਇਤ ’ਚ ਲਾਇਆ ਧਰਨਾ
ਜਸਵੀਰ ਸਿੰਘ ਗੁਰਮ,ਪੰਜਾਬੀ ਜਾਗਰਣ, ਆਲਮਗੀਰ/ਡੇਹਲੋਂ
ਵਿਧਾਨ ਸਭਾ ਹਲਕਾ ਗਿੱਲ ਅਧੀਨ ਪੈਂਦੇ ਪਿੰਡ ਟਿੱਬਾ ਪੁਲ (ਲੁਧਿਆਣਾ-ਦੋਰਾਹਾ ਮਾਰਗ) ’ਚ ਇਲਾਕੇ ਦੇ ਸਿਰਕੱਢ ਆਗੂਆਂ ਅਤੇ ਵੱਖ ਵੱਖ ਪਿੰਡ ਵਾਸੀਆਂ ਵੱਲੋਂ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸਮਰਥਨ ਦੌਰਾਨ ਵਿਸ਼ਾਲ ਰੋਸ ਧਰਨਾ ਲਾਇਆ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਮਾਨਸਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ, ਸਬੰਧਤ ਅਧਿਕਾਰੀਆਂ ਤੇ ਹਲਕੇ ਦੇ ਮੌਜੂਦਾ ਵਿਧਾਇਕ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਤਲ ਮਾਮਲੇ ਵਿੱਚ ਇਨਸਾਫ਼ ਦੇਣ ਦੀ ਆਵਾਜ਼ ਬੁਲੰਦ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬਾਬਾ ਗੁਰਮੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸੋਮਾਸਰ ਸਾਹਿਬ ਤੇ ਸਰਪੰਚ ਬਲਜਿੰਦਰ ਸਿੰਘ ਧਰੋੜ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਵਿੱਚ ਨਾਮਜ਼ਦ ਮੈਡੀਕਲ ਸਟੋਰ ਦੇ ਮਾਲਕ ਤੇ ਹੋਰ ਸਬੰਧਤ ਵਿਅਕਤੀਆਂ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਵੱਲੋਂ ਕਤਲ ਦੀ ਸਾਜ਼ਿਸ਼ ਰਚਣ ਜਾਂ ਗੋਲੀ ਮਾਰਨ ਦੇ ਨਿਰਦੇਸ਼ ਦੇਣ ਦੇ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵੀ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਹੋ ਜਾਣਾ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਵੱਲੋਂ ਮੌਤ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਫ਼ੋਨ ਕੀਤੇ ਜਾਣ ਦੇ ਬਾਵਜੂਦ ਪੁਲਿਸ ਦੇ ਮੌਕੇ ’ਤੇ ਸਮੇਂ ਸਿਰ ਨਾ ਪਹੁੰਚਣ ਦੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਸ਼ਾਇਦ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਇਸ ਲਈ ਪੂਰੇ ਮਾਮਲੇ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਲਾਜ਼ਮੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰਦਾ ਰਿਹਾ, ਪਰ ਅੱਜ ਉਸ ਦੇ ਪਰਿਵਾਰ ਨੂੰ ਇਨਸਾਫ਼ ਦੀ ਉਡੀਕ ਵਿੱਚ ਸੜਕ ’ਤੇ ਧਰਨਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
-ਜਦੋਂ ਤੱਕ ਪਰਿਵਾਰ ਨੂੰ ਨਿਆਂ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਰੱਖਾਂਗੇ ਜਾਰੀ
ਉਨ੍ਹਾਂ ਕਿਹਾ ਕਿ ਪਰਿਵਾਰ ਆਪਣੇ ਵਿਛੜੇ ਮੈਂਬਰ ਦਾ ਦੁੱਖ ਮਨਾਉਣ ਦੀ ਬਜਾਏ ਇਨਸਾਫ਼ ਲਈ ਸੰਘਰਸ਼ ਕਰ ਰਿਹਾ ਹੈ, ਜੋ ਬੇਹੱਦ ਦੁਖਦਾਈ ਸਥਿਤੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਤਲ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਘਟਨਾ ਨਾਲ ਸਬੰਧਤ ਸਾਰੇ ਤੱਥ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਸਬੂਤ ਜਨਤਕ ਕੀਤੇ ਜਾਣ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਰੋਸ ਧਰਨੇ ਦੌਰਾਨ ਧਰਨਾਕਾਰੀਆਂ ਵੱਲੋਂ ਐਂਬੂਲੈਂਸਾਂ, ਵਿਆਹ-ਸ਼ਾਦੀਆਂ ਵਾਲੀਆਂ ਗੱਡੀਆਂ ਅਤੇ ਭੋਗ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਜਾਣ ਵਾਲੇ ਰਾਹਗੀਰਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਲੰਘਣ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਸੋਮਾਸਰ ਸਾਹਿਬ ( ਕਾਰ ਸੇਵਾ ਸ੍ਰੀ ਹਜੂਰ ਸਾਹਿਬ) ਵੱਲੋਂ ਧਰਨੇ ’ਚ ਸ਼ਾਮਲ ਸੰਗਤਾਂ ਤੇ ਧਰਨੇ ਦੌਰਾਨ ਫਸੇ ਰਾਹਗੀਰ ਲਈ ਲੰਗਰ-ਪ੍ਰਸ਼ਾਦੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਗੁਰਿੰਦਰ ਸਿੰਘ ਬਿੱਟੂ, ਦਵਿੰਦਰ ਸਿੰਘ ਗੁਰਮ, ਲਖਵੰਤ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ, ਜੀਤ ਸਿੰਘ, ਪ੍ਰਧਾਨ ਸਿੰਘ, ਹਾਕਮ ਸਿੰਘ, ਬਚਿੱਤਰ ਸਿੰਘ, ਗੁਰਮੁਖ ਸਿੰਘ, ਵਿੱਕੀ ਸਿੰਘ, ਬਲਜੀਤ ਸਿੰਘ, ਜਗਜੀਤ ਕੌਰ, ਮਨਜੀਤ ਕੌਰ ਤੇ ਬਲਜੀਤ ਕੌਰ ਸਮੇਤ ਵੱਡੀ ਗਿਣਤੀ ’ਚ ਬੀਬੀਆਂ ਤੇ ਇਲਾਕਾ ਵਾਸੀ ਹਾਜ਼ਰ ਸਨ।