- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ.ਹਰਵਿੰਦਰ ਸਿੰਘ ਧਾਲੀਵਾਲ ਨੇ ਸੰਭਾਲੀ 12ਵੇਂ ਵਾਈਸ ਚਾਂਸਲਰ ਵਜੋਂ ਪੀਏਯੂ ਦੀ ਕਮਾਨ

-ਕਿਹਾ, ਸੰਸਥਾ ਨੇ ਦੇਸ਼ ਨੂੰ ਭੁੱਖਮਰੀ ਦੀ ਹਾਲਤ ’ਚੋਂ ਬਾਹਰ ਲਿਆ ਕੇ ਪਾਇਆ ਇਤਿਹਾਸਕ ਯੋਗਦਾਨ
19)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਉੱਘੇ ਖੇਤੀ ਵਿਗਿਆਨੀ ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਵੀਰਵਾਰ ਨੂੰ ਪੀਏਯੂ ਦੇ ਵਾਈਸ ਚਾਂਸਲਰ ਵਜੋਂ ਅਪਣਾ ਅਹੁਦਾ ਸੰਭਾਲ ਲਿਆ। ਉਹ ਯੂਨੀਵਰਸਿਟੀ ਦੇ 12 ਵੇਂ ਵਾਈਸ ਚਾਂਸਲਰ ਬਣੇ ਹਨ। ਮਾਨਸਾ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਜਨਮੇ ਅਤੇ ਪਲੇ ਡਾ ਧਾਲੀਵਾਲ ਪੰਜਾਬ ਦੀ ਧਰਤੀ ਨਾਲ ਜੁੜੇ ਖੇਤੀ ਵਿਗਿਆਨੀ ਹਨ। 1 ਮਈ, 1962 ਨੂੰ ਜਨਮੇ ਡਾ. ਧਾਲੀਵਾਲ ਦਾ ਅਕਾਦਮਿਕ ਰਿਕਾਰਡ ਸ਼ਾਨਦਾਰ ਰਿਹਾ। ਉਨ੍ਹਾਂ ਨੂੰ ਗੋਲਡ ਮੈਡਲ, ਮੈਰਿਟ ਸਰਟੀਫਿਕੇਟ (ਐੱਮਐੱਸਸੀ ਵਿੱਚ) ਤੇ ਮੈਰਿਟ ਸਕਾਲਰਸ਼ਿਪ (ਬੀਐਸਸੀ ਵਿੱਚ) ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਐਮਐਸਸੀ. ਅਤੇ ਪੀਐਚਡੀ. ਵਿੱਚ ਉਨ੍ਹਾਂ ਨੂੰ ਮੈਰਿਟ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਕੋਲ ਖੇਤੀਬਾੜੀ ਵਿਗਿਆਨੀ ਵਜੋਂ ਲਗਭਗ 31 ਸਾਲਾਂ ਦਾ ਤਜਰਬਾ ਹੈ ਅਤੇ ਫਲੋਰੀਡਾ ਯੂਨੀਵਰਸਿਟੀ ਵਿੱਚ ਨਿੰਬੂ ਜਾਤੀ ਦੇ ਫਲਾਂ 'ਤੇ ਉੱਨਤ ਖੋਜ ਕਰਨ ਦਾ ਅੰਤਰਰਾਸ਼ਟਰੀ ਪੱਧਰ 'ਤੇ ਅਨੁਭਵ ਵੀ ਉਨ੍ਹਾਂ ਨੂੰ ਹਾਸਿਲ ਹੈ। ਡਾ ਧਾਲੀਵਾਲ ਨੇ ਪੀਏਯੂ ਵਿਖੇ ਅਤਿ-ਆਧੁਨਿਕ ਪੱਤਾ ਵਿਸ਼ਲੇਸ਼ਣ ਪ੍ਰਯੋਗਸ਼ਾਲਾ ਅਤੇ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਵਾਇਰਸ-ਮੁਕਤ ਨਰਸਰੀ ਸਥਾਪਤ ਕਰਨ ਦੀ ਪਹਿਲਕਦਮੀ ਕੀਤੀ।
ਉਨ੍ਹਾਂ ਨੇ ਨਿਰਦੇਸ਼ਕ ਪਸਾਰ ਸਿੱਖਿਆ ਵਜੋਂ 11 ਕਿਸਾਨ ਮੇਲੇ, 3 ਕਿਸਾਨ ਦਿਵਸ, 6 ਵਰਕਸ਼ਾਪਾਂ,155 ਖੇਤ ਦਿਵਸ, 69 ਖੋਜ ਟਰਾਇਲ, 780 ਸਿਖਲਾਈ ਕੈਂਪ ਅਤੇ 278 ਕਿੱਤਾਮੁਖੀ ਸਿਖਲਾਈਆਂ ਦੇ ਆਯੋਜਨ ਦੀ ਜ਼ਿੰਮੇਵਾਰੀ ਸੰਭਾਲੀ। ਡਾ. ਧਾਲੀਵਾਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਕਾਰਜਾਂ ਲਈ ਬਹੁਤ ਸਾਰੇ ਮਾਣ ਸਨਮਾਨ ਹਾਸਿਲ ਹੋਏ। 2013 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਿਭਾਈ ਗਈ ਮਿਸਾਲੀ ਸੇਵਾ ਲਈ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ, ਆਪ ਦ ਹਾਰਟੀਕਲਚਰਲ ਸੋਸਾਇਟੀ-2015 ਦੇ ਫੈਲੋ (ਬਾਗਬਾਨੀ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਲਈ) ਬਣੇ। ਇਸ ਤੋਂ ਇਲਾਵਾ ਹੰਸ ਰਾਜ ਪਾਹਵਾ ਪੁਰਸਕਾਰ - 2012-13 (ਬਾਗਬਾਨੀ ਦੇ ਖੇਤਰ ਵਿੱਚ ਪ੍ਰਸ਼ੰਸਾਯੋਗ ਖੋਜ, ਅਧਿਆਪਨ ਅਤੇ ਪਸਾਰ ਕਾਰਜ ਦੀ ਮਾਨਤਾ ਵਜੋਂ), ਨਾਲ ਹੀ ਡਾ ਧਾਲੀਵਾਲ ਨੂੰ ਸ੍ਰੀਮਤੀ ਹਰਪਾਲ ਕੌਰ ਯਾਦਗਾਰੀ ਪੁਰਸਕਾਰ-2011 (ਫਲ ਵਿਗਿਆਨ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਦੇ ਸਨਮਾਨ ਵਿੱਚ) ਨਾਲ ਸਨਮਾਨਿਤ ਕੀਤਾ ਗਿਆ।
-ਬਾਕਸ-
-’ਵਰਸਿਟੀ ਨੂੰ ਹੋਰ ਉੱਚੀਆਂ ਸਿਖਰਾਂ ਵੱਲ ਲਿਜਾਣ ਲਈ ਕੋਈ ਕਸਰ ਨਹੀਂ ਛੱਡਾਂਗੇ : ਡਾ. ਧਾਲੀਵਾਲ
ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਮੌਕੇ ਪੀਏਯੂ ਦੇ ਅਧਿਆਪਨ, ਗ਼ੈਰ-ਅਧਿਆਪਨ ਅਮਲੇ ਅਤੇ ਸਮੂਹ ਕਰਮਚਾਰੀਆਂ ਦੇ ਨਾਂ ਆਪਣੇ ਸੰਦੇਸ਼ ਵਿਚ ਆਸ ਪ੍ਰਗਟਾਈ ਕਿ ਸਭ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਹੋਰ ਉੱਚੀਆਂ ਸਿਖਰਾਂ ਵੱਲ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਦੇਸ਼ ਨੂੰ ਭੁੱਖਮਰੀ ਦੀ ਹਾਲਤ ’ਚੋਂ ਬਾਹਰ ਲਿਆ ਕੇ ਵਾਧੂ ਅੰਨ ਵਾਲਾ ਖਿੱਤਾ ਬਣਾਉਣ ਲਈ ਇਤਿਹਾਸਕ ਯੋਗਦਾਨ ਦਿੱਤਾ ਹੈ, ਅੱਜ ਖੇਤੀ ਖੇਤਰ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਪੀਏਯੂ ਦੀ ਭੂਮਿਕਾ ਪਹਿਲਾਂ ਨਾਲੋਂ ਵੀ ਵਧੀ ਹੈ। ਡਾ ਧਾਲੀਵਾਲ ਨੇ ਕਿਸਾਨੀ ਸਮਾਜ ਦੀ ਬਿਹਤਰੀ ਲਈ ਸਮੂਹ ਵਿਗਿਆਨੀਆਂ ਨੂੰ ਡਟ ਕੇ ਕਾਰਜ ਦਾ ਸੱਦਾ ਦਿੱਤਾ। ਨਵੇਂ ਵਾਈਸ ਚਾਂਸਲਰ ਡਾ.ਧਾਲੀਵਾਲ ਦਾ ਸੁਖਜੀਤ ਪਾਲ ਸਿੰਘ (ਆਈਏਐਸ), ਰਜਿਸਟਰਾਰ, ਪੀਏਯੂ; ਡਾ. ਤੇਜਿੰਦਰ ਸਿੰਘ ਰਿਆੜ, ਅਸਟੇਟ ਅਫਸਰ, ਡਾ. ਐੱਚਐੱਸ ਕਿੰਗਰਾ, ਪ੍ਰਧਾਨ ਪਾਉਟਾ; ਬਲਦੇਵ ਸਿੰਘ ਵਾਲੀਆ, ਪ੍ਰਧਾਨ, ਪੀਏਯੂ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਅਤੇ ਯੂਨੀਵਰਸਿਟੀ ਦੇ ਡੀਨ ਅਤੇ ਡਾਇਰੈਕਟਰਾਂ ਨੇ ਆਪਣੀਆਂ ਨਿੱਘੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਡਾ. ਧਾਲੀਵਾਲ ਨੂੰ ਯੂਨੀਵਰਸਿਟੀ ਦੇ ਮੁਖੀ ਵਜੋਂ ਸਫਲ ਤੇ ਸੰਪੂਰਨ ਨਵੀਂ ਪਾਰੀ ਦੀ ਕਾਮਨਾ ਕੀਤੀ।