- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ

-ਮਹਾਨਗਰ ਲੁਧਿਆਣਾ •’ਚ ਦੁਕਾਨਾਂ, ਵਪਾਰਕ ਅਦਾਰੇ ਤੇ ਸਕੂਲ-ਕਾਲਜ ਰਹੇ ਮੁਕੰਮਲ ਬੰਦ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੁਧਿਆਣਾ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਨਿਆਂ ਦੀ ਮੰਗ ਨੂੰ ਲੈ ਕੇ ਚਰਚਾ ਦੇਖਣ ਨੂੰ ਮਿਲੀ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਾਜ਼ਾਰ, ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਇਸ ਦੌਰਾਨ ਬੰਦ ਦੇ ਸਮਰਥਕਾਂ ਵੱਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿੱਚ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਮੰਗ ਉੱਠੀ। ਸ਼ਹਿਰ ਦੇ ਕਈ ਚੌਕਾਂ ’ਚ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਇਕੱਠੇ ਹੋਏ ਅਤੇ ਕਿਹਾ ਕਿ ਬੰਦ ਦੇ ਸੱਦੇ ਦਾ ਮਕਸਦ ਮਾਮਲੇ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਖਿੱਚਣਾ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਾ ਹੈ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਪੈਦਾ ਹੋਏ ਰੋਸ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਰਹੀ ਤਾਂ ਜੋ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ਅਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਦੁਕਾਨਦਾਰਾਂ, ਵਪਾਰੀਆਂ, ਆਵਾਜਾਈ ਨਾਲ ਜੁੜੇ ਲੋਕਾਂ ਅਤੇ ਆਮ ਨਾਗਰਿਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋਈ। ਬੰਦ ਦੌਰਾਨ ਗਿੱਲ ਨਹਿਰ ਰੋਡ ਅਤੇ ਗਿੱਲ ਰੋਡ ਜੀਐਨੀ ਕਾਲਜ ਬਲੋਕ ਰਿਹਾ। ਗਿੱਲ ਰੋਡ ਨਹਿਰ ਉੱਤੇ ਪ੍ਰਦਰਸ਼ਨਕਾਰੀ ਲੋਕਾਂ ਨੂੰ ਰੋਕਦੇ ਰਹੇ। ਰਸਤਾ ਮੋਟਰਸਾਈਕਲ ਤੇ ਕਾਰਾਂ ਦੇ ਨਾਲ ਬੰਦ ਕੀਤਾ। ਧਰਨੇ ਤੇ ਜਗਬੀਰ ਸਿੰਘ ਸੌਖੀ ਅਤੇ ਕੰਵਲਜੀਤ ਸਿੰਘ ਕੜਵਲ ਵੀ ਬੈਠੇ।
-ਬਾਕਸ-
-ਪੰਜਾਬ ਸਰਕਾਰ ਨਸ਼ਾ ਬੰਦ ਕਰਨ ’ਚ ਹੋਈ ਫੇਲ੍ਹ : ਸੌਖੀ
ਮਾਨਸਾ ’ਚ ਮੈਡੀਕਲ ਨਸ਼ੇ ਦਾ ਵਿਰੋਧ ਕਰਦਿਆਂ ਦਿਨ ਦਿਹਾੜੇ ਨਸ਼ਾ ਵੇਚਣ ਵਾਲੇ ਇਕ ਦੁਕਾਨਦਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਕਤਲ ਕੀਤੇ ਜਾਣ ਅਤੇ ਰੋਸ ’ਚ ਆਏ ਲੋਕਾਂ ਨੇ ਪੰਜਾਬ ਬੰਦ ਕਰਕੇ ਸੂਬਾ ਸਰਕਾਰ ਵਿਰੁੱਧ ਆਪਣਾ ਫਤਵਾ ਜਾਰੀ ਕੀਤਾ। ਅੱਜ ਲੋਕਾਂ ਨੇ ਆਪਮੁਹਾਰੇ ਆਪਣੀਆਂ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਕਰਕੇ ਨਸ਼ਿਆਂ ਵਿਰੁੱਧ ਆਪਣਾ ਰੋਸ ਪ੍ਰਗਟਾਇਆ। ਇਸੇ ਲੜੀ ਤਹਿਤ ਪਬਲਿਕ ਐਕਸ਼ਨ ਕਮੇਟੀ ਵਲੋਂ ਗਿੱਲ ਨਹਿਰ ਤੇ ਦਿੱਤੇ ਗਏ ਬੰਦ ਦੇ ਸੱਦੇ ਤੇ ਆਪ ਨੂੰ ਛੱਡ ਕੇ ਲਗਭਗ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਤੇ ਸਮਾਜਸੇਵੀ ਸ਼ਾਮਲ ਹੋਏ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਹਾਜਰ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਹੋਰ ਨਾਲ ਲਗਦੇ ਇਲਾਕਿਆਂ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਤਮ ਨਗਰ ਤੋਂ ਇੰਚਾਰਜ ਸ. ਜਗਬੀਰ ਸਿੰਘ ਸੌਖੀ ਨੇ ਸੰਬੋਧਨ ਕਰਦੇ ਹੋਰ ਕਿਹਾ ਕਿ ਪੰਜਾਬ ਸਰਕਾਰ ਨੇ ਸਤਾ ’ਚ ਆਉਣ ਤੋਂ ਪਹਿਲਾਂ ਸੂਬੇ ਵਿੱਚੋਂ ਮੁਕੰਮਲ ਤੌਰ ਤੇ ਨਸ਼ਾ ਬੰਦ ਕਰਨ ਦੀ ਗਰੰਟੀ ਦਿੱਤੀ ਸੀ, ਪ੍ਰੰਤੂ ਪੌਣੇ ਪੰਜ ਸਾਲ ਲੰਘ ਜਾਣ ਤੇ ਵੀ ਇਹ ਸਰਕਾਰ ਬੰਦ ਕਰਨਾ ਤਾਂ ਇੱਕ ਪਾਸੇ ਠੱਲ੍ਹ ਪਾਉਣ ਵਿੱਚ ਵੀ ਨਾਕਾਮ ਸਾਬਤ ਹੋਈ ਹੈ, ਸਗੋਂ ਹੁਣ ਤਾਂ ਹਰ ਗਲੀ ਮੁੱਹਲੇ ਵਿੱਚ ਨਸ਼ਾ ਆਮ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਪੰਜਾਬ ’ਚ ਅਸ਼ਾਂਤੀ ਫੈਲਾਉਣ ਵਾਲਿਆਂ ਨੂੰ ਦਰਜਨਾਂ ਗੰਨਮੈਨ ਦਿੱਤੇ ਹੋਏ ਹਨ ਤੇ ਨਸ਼ੇ ਦਾ ਵਿਰੋਧ ਕਰਨ ਵਾਲੇ ਕੋਲ ਅਸਲੇ ਦਾ ਲਾਇਸੈਂਸ ਵੀ ਨਹੀਂ, ਜਦਕਿ ਨਸ਼ੇ ਦੀਆਂ ਗੋਲ਼ੀਆਂ ਵੇਚਣ ਵਾਲਾ ਪਿਸਤੌਲ ਲਈ ਫਿਰਦਾ ਸੀ, ਜਿਸ ਨਾਲ ਉਸਨੇ ਪਰਮਿੰਦਰ ਸਿੰਘ ਝੋਟੇ ਨੂੰ ਸ਼ਹੀਦ ਕੀਤਾ। ਉਨ੍ਹਾਂ ਹੋਰ ਕਿਹਾ ਕਿ ਆਪ ਦੇ ਆਗੂ ਪੰਜਾਬ ਵਿੱਚ ਨਸ਼ਾ ਲਿਆਉਣ ਦੇ ਇਲਜ਼ਾਮ ਅਕਾਲੀ ਆਗੂਆਂ ਤੇ ਲਾਉਂਦੇ ਰਹੇ ਹਨ, ਪ੍ਰੰਤੂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗੋਡੇ ਭਾਰ ਹੋ ਕੇ ਲਿਖਤੀ ਮਾਫੀ ਮੰਗਣੀ ਪਈ ਸੀ। ਇਸ ਮੌਕੇ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਆਪ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ ਅਤੇ ਪੁਲਿਸ ਵਾਲੇ ‘ਆਪ’ ਵੱਡੀ ਗਿਣਤੀ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਨਸ਼ੇ ਦੇ ਆਦੀ ਹਨ।
ਇਸ ਮੌਕੇ ਉੱਘੇ ਸਮਾਜ-ਸੇਵੀ ਜਸਵਿੰਦਰ ਸਿੰਘ ਰਾਜਾ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਾਂ ਸਾਰਿਆਂ ਨੂੰ ਨਸ਼ੇ ਖਿਲਾਫ ਇੱਕਜੁਟ ਹੋ ਕੇ ਲਾਮਬੰਧ ਹੋਣਾ ਪਵੇਗਾ ਤਾਂ ਹੀ ਨਸ਼ਿਆਂ ਨੂੰ ਠੱਲ੍ਹ ਪੈ ਸਕੇਗੀ। ਉਨ੍ਹਾਂ ਕਿਹਾ ਕਿ ਅਗਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਚਾਹੇ ਤਾਂ ਨਸ਼ਾ ਕੁਝ ਸਮੇਂ ਵਿੱਚ ਹੀ ਬੰਦ ਹੋ ਸਕਦਾ ਹੈ, ਪ੍ਰੰਤੂ ਉਹ ਨਸ਼ਾ ਖਤਮ ਕਰਨ ਲਈ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ ਤੇ "ਯੁੱਧ ਨਸ਼ਿਆਂ ਵਿਰੁੱਧ" ਦਾ ਡਰਾਮਾ ਕਰ ਰਹੇ ਹਨ। ਇਸ ਮੌਕੇ ਜਸਵਿੰਦਰ ਸਿੰਘ ਰਾਜਾ ਨੇ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਝੋਲੀ ਅੱਡ ਕੇ ਅਰਦਾਸ ਕਰੋ ਕਿ ਨਸ਼ੇ ਵੇਚਣ ਵਾਲੇ ਤੇ ਉਨ੍ਹਾਂ ਦੀ ਹਮਾਇਤ ਕਰਨ ਵਾਲਿਆਂ ਦਾ ਕੁਝ ਨਾ ਰਹੇ, ਇਸ ਤੇ ਸਭ ਨੇ ਅਰਦਾਸ ਕੀਤੀ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਪੀਏਸੀ ਦੇ ਆਗੂ ਕੁਲਦੀਪ ਸਿੰਘ ਖਹਿਰਾ, ਮਨੀਸ਼ ਸੂਦ, ਪ੍ਰਵੀਨ ਭਾਰਤੀ, ਅਪਜਿੰਦਰ ਸਿੰਘ ਗੋਲਡੀ, ਭਵਨਦੀਪ ਸਿੰਘ, ਕਮਲਜੀਤ ਸਿੰਘ, ਲਖਵਿੰਦਰ ਸਿੰਘ ਗਿੱਲ, ਮਨਵਿੰਦਰ ਸਿੰਘ ਗਾਂਧੀ, ਦਲੇਰ ਸਿੰਘ, ਕੁਲਦੀਪ ਸਿੰਘ ਪਟਵਾਰੀ, ਰਾਜੇਸ਼ ਸੋਨੀ, ਗਿਰਧਾਰੀ ਲਾਲ, ਰਾਜਵਿੰਦਰ ਸਿੰਘ ਨੀਨੂੰ, ਸ਼ਮਿੰਦਰ ਸਿੰਘ, ਡਾ. ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
-ਬਾਕਸ-
-ਪੰਜਾਬ ਬੰਦ ਮੌਕੇ ਪੁਲਿਸ, ਸਿਆਸੀ, ਨਸ਼ਾ ਤਸਕਰਾਂ ਤੇ ਗੁੰਡਾ ਗੱਠਜੋੜ ਦਾ ਫੂਕਿਆ ਪੁਤਲਾ ਫੂਕਿਆ
ਬੰਦ ਦੌਰਾਨ ਜਨਤਕ ਜਮਹੂਰੀ, ਤਰਕਸ਼ੀਲ ਜਥੇਬੰਦੀਆਂ ਵੱਲੋਂ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਰੋਸ ਪ੍ਰਗਟਾਉਂਦਿਆਂ ,ਪੁਲਿਸ, ਸਿਆਸਦਾਨਾ, ਨਸ਼ਾ ਤਸਕਰਾਂ ਅਤੇ ਗੁੰਡਾ ਗੱਠਜੋੜ ਦਾ ਪੁਤਲਾ ਫੂਕਦਿਆਂ ਇਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ (ਭਾਣਜਾ ਸ਼ਹੀਦ ਭਗਤ ਸਿੰਘ) ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵਾਰੋ-ਵਾਰੀ ਸਾਰੀਆਂ ਸਰਕਾਰਾਂ ਹੀ ਨਸ਼ੇ ਖਤਮ ਕਰਨ ਦੇ ਨਾਂ ਹੇਠ ਲੋਕਾਂ ਨੂੰ ਭਰਮਾ ਕੇ ਵੋਟਾਂ ਪ੍ਰਾਪਤ ਕਰਕੇ ਸਰਕਾਰਾਂ ਬਣਾਉਂਦਿਆਂ ਆ ਰਹੀਆਂ ਹਨ। ਪਰ ਸਰਕਾਰ ਬਣਾਉਣ ਬਾਅਦ ਉਹਨਾਂ ਸਭ ਨੇ ਹੀ ਨਸ਼ਿਆਂ ਸਮੇਤ ਸਾਰੇ ਲੋਕ ਮੁੱਦਿਆਂ ਨੂੰ ਦਰਕਿਨਾਰ ਕਰਕੇ ਪੁਲਿਸ ਬਲ ਅਤੇ ਗੁੰਡਾ ਸ਼ਕਤੀ ਨਾਲ, ਆਪਣੀਆਂ ਅਤੇ ਆਪਣੇ ਜੋੜੀਦਾਰਾਂ ਦੀਆਂ ਤਿਜੌਰੀਆਂ ਭਰੀਆਂ ਹਨ। ਮਾਨਸਾ ਘਟਨਾ ਇਸਦਾ ਜ਼ਾਹਰਾ ਸਬੂਤ ਹੈ। ਹੁਣ ਲੋਕਾਂ ਕੋਲ ਆਪਣੇ ਮਸਲੇ ਹੱਲ ਕਰਨ ਲਈ ਇਸ ਸਮੁੱਚੇ ਗੱਠਜੋੜ ਵਿਰੁੱਧ ਇਕਜੁੱਟ ਹੋ ਕੇ ਅੱਗੇ ਆਉਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਇਸ ਲਈ ਲੋਕਾਂ ਨੂੰ ਆਪਣੇ ਮੁੱਦੇ ਉਭਾਰਨ ਅਤੇ ਸਰਕਾਰਾਂ ਤੋਂ ਉਹਨਾਂ ਦੇ ਹੱਲ ਕਰਵਾਉਣ ਲਈ ਜਾਗਰੂਕ ਅਤੇ ਜਥੇਬੰਦ ਹੋ ਕੇ ਅੱਗੇ ਆਉਣਾ ਭਵਿੱਖ ਦੀ ਮੰਗ ਹੈ। ਸਮੇਂ ਦੀ ਅਹਿਮ ਲੋੜ ਹੈ। ਤਰਕਸ਼ੀਲ ਆਗੂ ਜਸਵੰਤ ਜ਼ੀਰਖ ਨੇ ਕਿਹਾ ਕਿ ਹੁਣ ਸਾਰੀਆਂ ਸਰਕਾਰਾਂ ਨੇ ਹੀ ਪੁਲਿਸ ਦੇ ਨਾਲ ਪ੍ਰਾਈਵੇਟ ਗੁੰਡਿਆਂ ਦੀ ਫੌਜ ਵੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਖੜ੍ਹੀ ਕਰ ਲਈ ਹੈ। ਸਬੂਤ ਵਜੋਂ ਦਿੱਲੀ ਵਿਖੇ ਵੋਟ ਚੋਰੀ ਵਿਰੁੱਧ ਕੇਂਦਰ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼, ਜੋ ਸੰਘਰਸ਼ ਨੌਜਵਾਨ ਵਿਦਿਆਰਥੀਆਂ ਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ, ਨੂੰ ਕੁਚਲਣ ਲਈ ਅਜਿਹੇ ਗੁੰਡਿਆਂ ਦੀ ਵਰਤੋਂ ਸ਼ਰੇਆਮ ਵੇਖੀ ਜਾ ਰਹੀ ਹੈ। ਇਸ ਮੌਕੇ ਡਾ ਹਰਬੰਸ ਗਰੇਵਾਲ, ਐਡਵੋਕੇਟ ਹਰਪ੍ਰੀਤ, ਰਾਕੇਸ਼ ਆਜ਼ਾਦ ਜ਼ੀਰਖ, ਬਲਵਿੰਦਰ ਸਿੰਘ, ਅਜਮੇਰ ਦਾਖਾ, ਸਤੀਸ਼ ਸੱਚਦੇਵਾ, ਮਾ. ਸੁਰਜੀਤ ਸਿੰਘ, ਡਾ ਮੋਹਨ ਸਿੰਘ, ਕਸਤੂਰੀ ਲਾਲ, ਜਗਜੀਤ ਸਿੰਘ, ਰਜੀਵ ਕੁਮਾਰ, ਕਰਤਾਰ ਸਿੰਘ, ਜੰਗਧੀਰਜ ਸਿੰਘ ਸਮੇਤ ਕਈ ਕਾਰਕੁਨ ਹਾਜ਼ਰ ਸਨ।
-ਬਾਕਸ-
-ਬੰਦ ਦੌਰਾਨ ਵੱਖ-ਵੱਖ ਥਾਵਾਂ ’ਤੇ ਜਨਜੀਵਨ ਪ੍ਰਭਾਵਿਤ, ਰਾਹਗੀਰ ਹੋਏ ਪਰੇਸ਼ਾਨ
-ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਲੁਧਿਆਣਾ ’ਚ ਭਰਵਾਂ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਰਾਹੋਂ ਰੋਡ, ਸੁੰਦਰ ਨਗਰ ਤੇ ਹੋਰਨਾਂ ਕਈ ਇਲਾਕਿਆਂ ’ਚ ਦੁਕਾਨਾਂ ਬੰਦ ਰਹੀਆਂ। ਦਿਨ ਚੜਦਿਆਂ ਹੀ ਕਈ ਜੱਥੇਬੰਦੀਆਂ ਵੱਲੋਂ ਕਈ ਬਾਜ਼ਾਰ ਬੰਦ ਕਰਵਾਏ ਗਏ। ਜਿਨ੍ਹਾਂ 'ਚ ਨੂਰ ਵਾਲਾ ਰੋਡ, ਕਾਕੋਵਾਲ ਰੋਡ, ਸ਼ਿੰਗਾਰ ਸਿਨੇਮਾ ਤੇ ਕਈ ਹੋਰਨਾਂ ਇਲਾਕਿਆਂ ਨੂੰ ਬੰਦ ਕਰਵਾਇਆ। ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਜਨਜੀਵਨ ਪ੍ਰਭਾਵਿਤ ਹੋਇਆ ਤੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ। ਇਸ ਦੌਰਾਨ ਵਾਰਿਸ ਪੰਜਾਬ ਪਾਰਟੀ ਵੱਲੋਂ ਬਸਤੀ ਚੌਕ ’ਚ ਧਰਨਾ ਦੇ ਕੇ ਕਤਲ ਦੀ ਨਿੰਦਾ ਕੀਤੀ ਗਈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ। ਧਰਨੇ ਦੌਰਾਨ ਵਾਰਿਸ ਪੰਜਾਬ ਪਾਰਟੀ ਦੇ ਹਲਕਾ ਪੂਰਬੀ ਆਗੂ ਭੋਲਾ ਸਿੰਘ ਚੌਹਾਨ ਤੇ ਹਲਕਾ ਸਾਹਨੇਵਾਲ ਆਗੂ ਜਸਵੰਤ ਸਿੰਘ ਚੀਮਾ ਤੇ ਰੋਸ਼ਨ ਸਾਗਰ, ਪ੍ਰਿਤਪਾਲ ਸਿੰਘ ਆਗੂਆਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਦਿਨ-ਦਿਹਾੜੇ ਕਤਲ ਹੋਣਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
-ਬਾਕਸ-
-ਬੰਦ ਦੌਰਾਨ ਮਨਪ੍ਰੀਤ ਦੀ ਹੋਈ ਮੌਤ ਤੇ ਪੀੜਤ ਪਰਿਵਾਰ ਲਈ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ
ਭਾਜਪਾ ਪੰਜਾਬ ਦੇ ਬੁਲਾਰੇ ਅਤੇ ਸਹਿ ਮੀਡੀਆ ਇੰਚਾਰਜ ਅਤੇ ਹਲਕਾ ਸਾਹਨੇਵਾਲ ਦੇ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਹਲਕਾ ਸਾਹਨੇਵਾਲ ਦੇ ਪਿੰਡ ਕਡਿਆਣਾ ਖੁਰਦ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਦੀ ਕਰੰਟ ਲੱਗਣ ਕਾਰਨ ਹੋਈ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਬਲੀਏਵਾਲ ਨੇ ਕਿਹਾ ਕਿ ਲੁਧਿਆਣਾ ਦੇ ਮੁੰਡੀਆਂ ਸਥਿੱਤ ਫੋਰਟਿਸ ਹਸਪਤਾਲ ਚੌਕ ਵਿਖੇ ਧਰਨੇ ਦੌਰਾਨ ਵਾਪਰੀ ਇਹ ਘਟਨਾ ਬੇਹੱਦ ਦੁਖਦਾਇਕ ਹੈ। ਇਸ ਨੌਜਵਾਨ ਦੀ ਜਾਨ ਚਲੀ ਜਾਣ ਕਾਰਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਘਟਨਾ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਤੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਜੇਕਰ ਕਿਸੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਲੀਏਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਕੁਝ ਸਹਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਇਸ ਦੁੱਖ ਦੀ ਘੜੀ ’ਚ ਮਨਪ੍ਰੀਤ ਸਿੰਘ ਦੇ ਪਰਿਵਾਰ ਨਾਲ ਖੜ੍ਹੀ ਹੈ ਤੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸਰਕਾਰ ਕੋਲ ਆਵਾਜ਼ ਬੁਲੰਦ ਕਰੇਗੀ।