- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਨੇ ਫੀਡ ਉਤਪਾਦਕਾਂ ਲਈ ਸੈਮੀਨਾਰ ਕਰਵਾਇਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਫੀਡ ਉਤਪਾਦਕਾਂ ਲਈ ਡੇਅਰੀ ਪਸ਼ੂਆਂ ਦੀ ਖੁਰਾਕ ਵਿੱਚ ਆਈਆਂ ਤਬਦੀਲੀਆਂ ਵਿਸ਼ੇ 'ਤੇ ਇਕ ਦਿਨਾ ਸੈਮੀਨਾਰ ਕਰਵਾਇਆ ਗਿਆ ਜਿਸ ’ਚ 17 ਮੁਕਾਬਲੇਬਾਜ਼ਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ’ਚ ਤਿੰਨ ਹਰਿਆਣਾ ਦੇ ਸਨ। ਵਾਈਸ ਚਾਂਸਲਰ ਡਾ. ਜੇਪੀ ਸਿੰਘ ਗਿੱਲ ਨੇ ਡੇਅਰੀ ਉਤਪਾਦਕਤਾ ਅਤੇ ਆਰਥਿਕ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਵਿਗਿਆਨਕ ਗਿਆਨ ਤੇ ਨਵੀਨਕਾਰੀ ਖੁਰਾਕ ਤਕਨੀਕਾਂ ਦੇ ਪ੍ਰਸਾਰ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ 'ਤੇ ਚਾਨਣਾ ਪਾਇਆ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਵਿਗਿਆਨਕ ਢੰਗ ਨਾਲ ਫੀਡ ਤਿਆਰ ਕਰਨ, ਗੁਣਵੱਤਾ ਯਕੀਨੀ ਬਣਾਉਣ ਅਤੇ ਟਿਕਾਊ ਡੇਅਰੀ ਫਾਰਮਿੰਗ 'ਤੇ ਜ਼ੋਰ ਦਿੱਤਾ। ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਪਸ਼ੂ ਪਾਲਣ ਖੇਤਰ ਵਿੱਚ ਸਟਾਰਟ-ਅੱਪਸ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਡਾ. ਜੈਸਮੀਨ ਕੌਰ ਨੇ 'ਟਿਕਾਊ ਡੇਅਰੀ ਉਤਪਾਦਨ ਲਈ ਸੰਤੁਲਿਤ ਖਣਿਜ ਪੌਸ਼ਟਿਕਤਾ' ਬਾਰੇ, ਡਾ. ਅਮਿਤ ਸ਼ਰਮਾ ਨੇ 'ਫੀਡ ਦੀ ਲਾਗਤ ਘਟਾਉਣ ਲਈ ਗੈਰ-ਰਵਾਇਤੀ ਸਮੱਗਰੀ ਦੀ ਵਰਤੋਂ' ਬਾਰੇ ਅਤੇ ਡਾ. ਸੰਦੀਪ ਉਨੀਯਾਲ ਨੇ 'ਡੇਅਰੀ ਪਸ਼ੂਆਂ ਲਈ ਫੀਡ ਦੇ ਗੁਣਵੱਤਾ ਮਾਪਦੰਡਾਂ, ਸਮੱਗਰੀ ਤੇ ਜਾਂਚ' ਬਾਰੇ ਜਾਣਕਾਰੀ ਦਿੱਤੀ।
ਇਕ ਵਿਚਾਰ-ਚਰਚਾ ਵੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕੀਤੀ, ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਸਾਰ ਸਿੱਖਿਆ ਦੇ ਸਾਬਕਾ ਵਧੀਕ ਨਿਰਦੇਸ਼ਕ ਡਾ. ਪਰਮਿੰਦਰ ਸਿੰਘ, ਪਸ਼ੂ ਆਹਾਰ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਅਤੇ ਆਲ ਫੀਡ ਮਿੱਲਰਜ਼ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਸ਼ਾਮਲ ਹੋਏ। ਇਸ ਚਰਚਾ ਵਿੱਚ ਫੀਡ ਦੀ ਗੁਣਵੱਤਾ, ਲਾਗਤ-ਪ੍ਰਭਾਵੀ ਫੀਡ ਤਿਆਰ ਕਰਨ ਤੇ ਫੀਡ ਉਦਯੋਗ ਨੂੰ ਦਰਪੇਸ਼ ਵਿਹਾਰਕ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਗਈ। ਇਸ ਸੈਮੀਨਾਰ ਦਾ ਸੰਯੋਜਨ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਤੇ ਡਾ. ਰਵਦੀਪ ਸਿੰਘ ਨੇ ਪ੍ਰਬੰਧਕੀ ਸਕੱਤਰਾਂ ਵਜੋਂ ਕੀਤਾ, ਜਿਸ ’ਚ ਵਿਦਿਆਰਥੀ ਸੰਯੋਜਕ ਗੁਰਸਿਮਰਨਜੀਤ ਸਿੰਘ ਅਤੇ ਹਰਯੁਵਰਾਜ ਸਿੰਘ ਬੇਦੀ ਨੇ ਵੀ ਯੋਗਦਾਨ ਪਾਇਆ।