- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਹੋਇਆ ਜਪ-ਤਪ ਚੌਪਹਿਰਾ ਸਮਾਗਮ

-ਸੰਗਤ ਨੇ ਗੁਰਬਾਣੀ ਤੇ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕੀਤਾ
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹਰ ਬੁੱਧਵਾਰ ਦੀ ਤਰ੍ਹਾਂ ਜਪ-ਤਪ ਚੌਪਹਿਰਾ ਸਮਾਗਮ ਸ਼ਰਧਾ ਨਾਲ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੂਘਰ ’ਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸ ਦੇ ਨਾਲ ਹੀ ਸੰਗਤ ਵੱਲੋਂ ਇੱਕ ਮਨ ਇੱਕ ਚਿੱਤ ਹੋਕੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕੀਤਾ। ਗੁਰਬਾਣੀ ਦੇ ਰਸ ਵਿੱਚ ਭਿੱਜੀਆਂ ਸੰਗਤ ਨੇ “ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਗਿਆ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਮੇਰੇ ਸੁੱਤੇ ਹੋਏ ਭਾਗ ਜਗਾਹ ਗਿਆ, ਧੰਨ ਧੰਨ ਬਾਬਾ ਦੀਪ ਸਿੰਘ ਜੀ' ਸ਼ਬਦ ਦਾ ਗਾਇਨ ਵੀ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਪ੍ਰਧਾਨ ਸੁਰਿੰਦਰਪਾਲ ਸਿੰਘ ਬਿੰਦਰਾ ਨੇ ਕਿਹਾ ਕਿ ਗੁਰਬਾਣੀ ਦਾ ਜਾਪ ਅਤੇ ਨਾਮ ਸਿਮਰਨ ਮਨੁੱਖ ਨੂੰ ਗੁਰੂ ਸਾਹਿਬ ਨਾਲ ਜੋੜਨ ਦੇ ਨਾਲ-ਨਾਲ ਜੀਵਨ ਵਿੱਚ ਸ਼ਾਂਤੀ, ਨਿਮਰਤਾ ਤੇ ਸੇਵਾ ਦੀ ਭਾਵਨਾ ਪੈਦਾ ਕਰਦਾ ਹੈ। ਅਜਿਹੇ ਧਾਰਮਿਕ ਸਮਾਗਮ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਤੇ ਸੇਵਾਦਾਰਾਂ ਦਾ ਸਮਾਗਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਦੌਰਾਨ ਟਰੱਸਟੀ ਮੈਂਬਰ ਸੁਖਵਿੰਦਰਪਾਲ ਸਿੰਘ ਲਾਲੀ ਸਰਨਾ, ਨਵਨੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ, ਅਮਰਜੀਤ ਸਿੰਘ ਟਿੱਕਾ, ਅਮਰਪਾਲ ਸਿੰਘ ਸਰਨਾ, ਹਰਵਿੰਦਰ ਪਾਲ ਸਿੰਘ ਚਾਵਲਾ, ਜਸਵਿੰਦਰ ਸਿੰਘ ਸੇਠੀ ਵੀ ਗੁਰੂ ਘਰ ਨਤਮਸਤਕ ਹੋਏ।