- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਰੇਤ ਮਾਫੀਆ ਨੇ ਰਾਤ ਦੇ ਹਨੇਰੇ ’ਚ ਕੀਤੀ ਰੇਤ ਚੋਰੀ, ਜਮੀਨ ਮਾਲਿਕ ਨੇ ਇਨਸਾਫ ਦੀ ਲਾਈ ਗੁਹਾਰ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਗ਼ੈਰ-ਕਾਨੂੰਨੀ ਰੇਤ ਦੀ ਮਾਈਨਿੰਗ ਦੀਆਂ ਖਬਰਾਂ ਤਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਸਨ ਪਰ ਬੀਤੀ ਰਾਤ ਪੁਲਿਸ ਥਾਣਾ ਕੂੰਮਕਲਾ ਅਧੀਨ ਪੈਂਦੇ ਪਿੰਡ ਗਦੋਵਾਲ ਵਿਖੇ ਕੁਝ ਲੋਕ ਖੇਤ ਵਿੱਚੋਂ ਕਈ ਟਿੱਪਰ ਰੇਤ ਦੇ ਚੋਰੀ ਕਰਕੇ ਲੈ ਗਏ ਜਿਸਦੀ ਜਾਣਕਾਰੀ ਜਦੋਂ ਜ਼ਮੀਨ ਮਾਲਕਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਪਰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੁਲਿਸ ਖੇਤ ਵਿੱਚ ਜਾਂਚ ਕਰਨ ਆਈ ਤੇ ਨਾ ਹੀ ਪਤਾ ਲੱਗਿਆ ਕਿ ਕਿਹੜੇ ਲੋਕ ਰੇਤ ਚੋਰੀ ਕਰਕੇ ਲੈ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੇਵਾਮੁਕਤ ਸਬ-ਇੰਸਪੈਕਟਰ ਮਨਜੀਤ ਸਿੰਘ ਕਿ ਉਹ ਸੀਆਰਪੀਐੱਫ ਵਿੱਚ ਸੇਵਾ ਨਿਭਾਅ ਚੁੱਕੇ ਹਨ, ਉਨ੍ਹਾਂ ਚਾਰ ਭਰਾਵਾਂ ਦੀ ਪਿੰਡ ਗਦੋਵਾਲ ’ਚ ਕਰੀਬ ਤਿੰਨ ਏਕੜ ਪੁਸ਼ਤੈਨੀ ਸਾਂਝੀ ਜ਼ਮੀਨ ਹੈ। ਪਹਿਲਾਂ ਵੀ ਇਸ ਜ਼ਮੀਨ ਵਿੱਚੋਂ ਜ਼ਬਰਦਸਤੀ ਰੇਤ ਕੱਢੇ ਜਾਣ ਕਾਰਨ ਅਦਾਲਤ ਦਾ ਸਹਾਰਾ ਲੈਣਾ ਪਿਆ ਸੀ ਤੇ ਅਦਾਲਤ ਨੇ ਮਾਈਨਿੰਗ ’ਤੇ ਰੋਕ ਲਗਾਈ ਹੋਈ ਹੈ। ਇਸ ਦੇ ਬਾਵਜੂਦ 9 ਤੇ 10 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕੁਝ ਲੋਕ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਨਾਲ ਕਈ ਟਿੱਪਰ ਰੇਤ ਦੇ ਚੋਰੀ ਕਰਕੇ ਲੈ ਗਏ। ਪੁਲਿਸ ਕੰਟਰੋਲ ਰੂਮ ਤੇ ਥਾਣਾ ਕੂੰਮਕਲਾਂ ਵਿਖੇ ਸ਼ਿਕਾਇਤ ਦਿੱਤੀ ਗਈ ਹੈ। ਜ਼ਮੀਨ ਦੇ ਹਿੱਸੇਦਾਰ ਐੱਨਆਰਆਈ ਅਰਸ਼ਦੀਪ ਸਿੰਘ ਨੇ ਵੀ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ, ਮਾਈਨਿੰਗ ਵਿਭਾਗ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਨੂੰ ਸ਼ਿਕਾਇਤ ਭੇਜ ਕੇ ਕਥਿਤ ਤੌਰ ’ਤੇ ਰੇਤ ਕੱਢਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਮੁਤਾਬਕ, ਇਸ ਸਬੰਧੀ ਵੀਡੀਓ ਅਤੇ ਹੋਰ ਸਬੂਤ ਵੀ ਪੇਸ਼ ਕੀਤੇ ਜਾਣਗੇ। ਉਧਰ, ਥਾਣਾ ਕੂੰਮਕਲਾਂ ਦੇ ਮੁਖੀ ਦਲਵੀਰ ਸਿੰਘ ਨੇ ਕਿਹਾ ਕਿ ਇਲਾਕੇ ’ਚ ਗੈਰ-ਕਾਨੂੰਨੀ ਸਰਗਰਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰਕੇ, ਜੇਕਰ ਦੋਸ਼ ਸਹੀ ਪਾਏ ਗਏ, ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।