- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਧਾਰਮਿਕ ਅਸਥਾਨਾਂ ਨੂੰ ਸਿਆਸੀ ਨਿਸ਼ਾਨਾ ਬਣਾ ਕੇ ਸੁਰਖੀਆਂ ਬਟੋਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ-ਭਿੰਦਾ

ਸਟਾਫ਼ ਰਿਪੋਰਟੋਰ,, ਪੰਜਾਬੀ ਜਾਗਰਣ, ਲੁਧਿਆਣਾ
ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਗੁਰੂ ਘਰ ਦੇ ਸਕੱਤਰੇਤ ਵਿਰੁੱਧ ਦਿੱਤੇ ਬਿਆਨਾਂ ਨੂੰ ਗੰਭੀਰ, ਇਤਰਾਜ਼ਯੋਗ ਤੇ ਨਿੰਦਣਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਨੂੰ ਸਿਆਸੀ ਲਾਹੇ ਲਈ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਅਜਿਹੇ ਮਾਮਲਿਆਂ ਵਿੱਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਭਿੰਦਾ ਨੇ ਕਿਹਾ ਕਿ ਗੁਰੂ ਘਰ ਵਰਗੇ ਪਵਿੱਤਰ ਅਸਥਾਨ ਨੂੰ ਗੰਭੀਰ ਦੋਸ਼ਾਂ ਨਾਲ ਜੋੜਨਾ ਸਿਰਫ਼ ਸਿਆਸੀ ਬਿਆਨਬਾਜ਼ੀ ਦਾ ਮਾਮਲਾ ਨਹੀਂ, ਸਗੋਂ ਇਸ ਨਾਲ ਲੱਖਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਨੂੰ ਸਿਆਸੀ ਦੋਸ਼ਾਂ ਤੇ ਸੁਰਖੀਆਂ ਬਟੋਰਨ ਦਾ ਮੰਚ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਕਿਸੇ ਸੰਸਥਾ ਜਾਂ ਵਿਅਕਤੀ ਵਿਰੁੱਧ ਕੋਈ ਠੋਸ ਸਬੂਤ ਹਨ, ਤਾਂ ਉਹ ਉਨ੍ਹਾਂ ਨੂੰ ਸਬੰਧਤ ਕਾਨੂੰਨੀ ਅਤੇ ਸੰਵਿਧਾਨਕ ਸੰਸਥਾਵਾਂ ਅੱਗੇ ਪੇਸ਼ ਕਰੇ। ਬਿਨਾਂ ਸਬੂਤਾਂ ਦੇ ਗੰਭੀਰ ਦੋਸ਼ ਲਗਾ ਕੇ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਨਾ ਤਾਂ ਸਿਆਸੀ ਮਰਿਆਦਾ ਦੇ ਅਨੁਕੂਲ ਹੈ ਅਤੇ ਨਾ ਹੀ ਪੰਜਾਬ ਦੀ ਭਾਈਚਾਰਕ ਸਾਂਝ ਦੀ ਰਵਾਇਤ ਨਾਲ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਰਿਆਦਾ ਅਤੇ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਲੋਕਾਂ ਦਾ ਭਰੋਸਾ ਦੋਸ਼ਾਂ ਅਤੇ ਵਿਵਾਦਾਂ ਨਾਲ ਨਹੀਂ, ਸਗੋਂ ਸੱਚਾਈ, ਸੇਵਾ ਅਤੇ ਜ਼ਿੰਮੇਵਾਰ ਵਿਹਾਰ ਨਾਲ ਜਿੱਤਿਆ ਜਾ ਸਕਦਾ ਹੈ।