1208 ਮੁਲਾਜ਼ਮਾਂ ਦੀ ਸੂਚੀ ਜਨਤਕ ਕਰਨ ਮੇਅਰ : ਗੋਸ਼ਾ ਜ਼ਰੂਰੀ ਖ਼ਬਰ:1208 ਮੁਲਾਜ਼ਮਾਂ ਦੀ ਸੂਚੀ ਜਨਤਕ ਕਰਨ ਮੇਅਰ-ਗੋਸ਼ਾ
Publish Date: Tue, 13 Oct 2026 07:10 PM (IST)
Updated Date: Wed, 14 Oct 2026 04:06 AM (IST)
-ਸਫ਼ਾਈ ਦੇ ਠੇਕੇ ਦੀ ਅਲਾਟਮੈਂਟ ਅਤੇ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਦੀ ਮੰਗ ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ : ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਨਿਗਮ ਵਿੱਚ 1208 ਮੁਲਾਜ਼ਮਾਂ ਦੀ ਤਾਇਨਾਤੀ ’ਤੇ ਸਵਾਲ ਚੁੱਕਦਿਆਂ ਮੇਅਰ ਤੋਂ ਉਨ੍ਹਾਂ ਦੀ ਪੂਰੀ ਸੂਚੀ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਲਗਭਗ 90 ਫ਼ੀਸਦੀ ਮੁਲਾਜ਼ਮਾਂ ਦੇ ਡੰਮੀ ਹੋਣ ਦਾ ਸ਼ੱਕ ਹੈ। ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾਵੇ। ਗੋਸ਼ਾ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਨਾਂ, ਵਾਰਡਵਾਰ ਤਾਇਨਾਤੀ, ਹਾਜ਼ਰੀ ਅਤੇ ਡਿਊਟੀ ਸਬੰਧੀ ਰਿਕਾਰਡ ਜਨਤਕ ਕੀਤਾ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਕਿੰਨੇ ਮੁਲਾਜ਼ਮ ਅਸਲ ਵਿੱਚ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਤਾਇਨਾਤੀਆਂ ’ਚ ਵਿਧਾਇਕਾਂ ਤੇ ਮੇਅਰ ਦੇ ਕਥਿਤ ਚਹੇਤਿਆਂ ਤੇ ਰਿਸ਼ਤੇਦਾਰਾਂ ਨੂੰ ਫ਼ਾਇਦਾ ਪਹੁੰਚਾਉਣ ਸਬੰਧੀ ਉੱਠ ਰਹੇ ਸਵਾਲਾਂ ਦੀ ਜਾਂਚ ਦੀ ਵੀ ਮੰਗ ਕੀਤੀ। ਸਫ਼ਾਈ ਦੇ ਠੇਕੇ ’ਤੇ ਸਵਾਲ ਉਠਾਉਂਦਿਆਂ ਭਾਜਪਾ ਆਗੂ ਨੇ ਕਥਿਤ ਬੇਨਿਯਮੀਆਂ ਦੀ ਜਾਂਚ ਕਰਵਾਉਣ ਲਈ ਕਿਹਾ। ਉਨ੍ਹਾਂ ਮੰਗ ਕੀਤੀ ਕਿ ਠੇਕੇ ਦੀ ਅਲਾਟਮੈਂਟ ਪ੍ਰਕਿਰਿਆ, ਕੰਪਨੀ ਦੀ ਯੋਗਤਾ, ਸ਼ਰਤਾਂ ਅਤੇ ਭੁਗਤਾਨਾਂ ਦਾ ਵੇਰਵਾ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਵਿੱਚ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।