- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਭੈਣੀ ਸਾਹਿਬ ਵਿਖੇ 1389.17 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਤੇ ਸੀਵਰੇਜ ਯੋਜਨਾਂ ਦੀ ਸ਼ੁਰੂਆਤ

-ਕਿਹਾ, ਸ੍ਰੀ ਭੈਣੀ ਸਾਹਿਬ ਵਿਖੇ 1389.17 ਲੱਖ ਨਾਲ ਸੀਵਰੇਜ ਟਰੀਟਮੈਂਟ ਪਲਾਂਟ 18 ਮਹੀਨੇ ’ਚ ਹੋਵੇਗਾ ਮੁਕੰਮਲ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਹਲਕਾ ਸਾਹਨੇਵਾਲ ਦੇ ਵਿਧਾਇਕ, ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਤਿਗੁਰੂ ਉਦੈ ਸਿੰਘ ਦੇ ਨਾਲ ਹਲਕਾ ਸਾਹਨੇਵਾਲ ਦੇ ਇਤਿਹਾਸਕ ਪਿੰਡ ਸ੍ਰੀ ਭੈਣੀ ਸਾਹਿਬ ਵਿਖੇ 1389.17 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਅਤੇ ਨਵੀਂ ਸੀਵਰੇਜ ਸਕੀਮ ਦਾ ਨੀਂਹ ਪੱਥਰ ਰੱਖਦਿਆਂ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਅਗਲੇ 18 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਮੁੰਡੀਆਂ ਨੇ ਦੱਸਿਆ ਕਿ ਪ੍ਰੋਜੈਕਟ ਤਹਿਤ ਪਿੰਡ ਵਿੱਚ ਲਗਭਗ 22 ਕਿਲੋਮੀਟਰ ਲੰਬੀ ਸੀਵਰ ਲਾਈਨ ਵਿਛਾਉਣ ਅਤੇ ਮੈਨਹੋਲ ਬਣਾਉਣ ਦੇ ਨਾਲ-ਨਾਲ 670 ਘਰਾਂ ਨੂੰ ਸੀਵਰੇਜ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਇੱਕ ਮੁੱਖ ਪੰਪਿੰਗ ਸਟੇਸ਼ਨ ਅਤੇ ਰੋਜ਼ਾਨਾ ਇੱਕ ਮਿਲੀਅਨ ਲੀਟਰ (1.0 ਐੱਮਐੱਲਡੀ) ਗੰਦੇ ਪਾਣੀ ਨੂੰ ਸੋਧਣ ਦੀ ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਵੀ ਸਥਾਪਤ ਕੀਤਾ ਜਾਵੇਗਾ। ਇਸ ਨਾਲ ਪਿੰਡ ਵਿੱਚ ਸੀਵਰੇਜ ਦੇ ਸੁਚੱਜੇ ਪ੍ਰਬੰਧ ਤੇ ਗੰਦੇ ਪਾਣੀ ਦੀ ਵਿਗਿਆਨਕ ਢੰਗ ਨਾਲ ਨਿਕਾਸੀ ਤੇ ਸੋਧ ਨੂੰ ਯਕੀਨੀ ਬਣਾਉਣ ’ਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਸ੍ਰੀ ਭੈਣੀ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਪਿੰਡ ਵਾਸੀਆਂ ਨੂੰ ਆਧੁਨਿਕ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸਾਫ਼-ਸੁਥਰੇ ਵਾਤਾਵਰਣ ਅਤੇ ਬਿਹਤਰ ਸਵੱਛਤਾ ਪ੍ਰਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਰਾਮਬੀਰ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ, ਇੰਜੀ: ਰਿਤੇਸ਼ ਗਰਗ ਮੁੱਖ ਇੰਜੀਨੀਅਰ (ਦੱਖਣ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਗਗਨਦੀਪ ਸਿੰਘ ਸੰਧੂ, ਬਲਾਕ ਸੰਮਤੀ ਦੇ ਚੇਅਰਮੈਨ ਗੁਰਪ੍ਰੀਤ ਗੋਪੀ, ਵਾਈਸ ਚੇਅਰਮੈਨ ਸੰਨੀ ਕਟਾਣੀ ਤੋਂ ਇਲਾਵਾ ਸ੍ਰੀ ਭੈਣੀ ਸਾਹਿਬ ਦੀ ਪੰਚਾਇਤ ਤੇ ਨਾਮਧਾਰੀ ਸੰਗਤ ਮੌਜੂਦ ਸੀ।