- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਹਲੋਂ ’ਚ ‘ਮਾਵਾਂ ਧੀਆਂ ਦੀ ਲਲਕਾਰ’ ਰੈਲੀ, ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਦਿੱਤਾ ਸੱਦਾ

-ਲਲਕਾਰ ਰੈਲੀ ਦੌਰਾਨ ਹਰਸਿਮਰਤ ਕੌਰ ਬਾਦਲ ਨੇ ‘ਆਪ’ ’ਤੇ ਚੁੱਕੇ ਸਵਾਲ
-ਅਕਾਲੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ ਵਿਰੁੱਧ ਬਣੇਗਾ ਸਖ਼ਤ ਕਾਨੂੰਨ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਆਲਮਗੀਰ/ਡੇਹਲੋਂ
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਂਗੇ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਹਲਕਾ ਗਿੱਲ ਦੇ ਕਸਬਾ ਡੇਹਲੋਂ ਵਿਖੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕਰਵਾਈ ਗਈ,ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ।
ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ‘ਆਪ’ ਦੀ ਸਰਕਾਰ ’ਤੇ ਸਵਾਲ ਚੁੱਕੇ। ਬੀਬੀ ਬਾਦਲ ਨੇ ਕਿਹਾ ਕਿ ਨਸ਼ਿਆਂ ਕਾਰਨ ਕਈ ਪਰਿਵਾਰ ਉੱਜੜ ਰਹੇ ਹਨ ਅਤੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਰਿਹਾ ਹੈ। ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਐਲਾਨ ਕਰਨ ਦੀ ਬਜਾਏ ਠੋਸ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਦੀਆਂ ਮਾਵਾਂ ਤੇ ਧੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੱਤਾ। ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਲੋਕਾਂ ਨਾਲ ਕਥਿਤ ਧੱਕੇਸ਼ਾਹੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੀ ਸਰਕਾਰ ਨਸ਼ਿਆਂ ਦੇ ਖ਼ਾਤਮੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਚੋਣ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ। ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨਸ਼ਾ ਵੇਚਣ ਦੇ ਦੋਸ਼ ਹੇਠ ਫੜੇ ਜਾਣ ਵਾਲਿਆਂ ਲਈ 10 ਸਾਲ ਦੀ ਕੈਦ ਤੇ ਜ਼ਮਾਨਤ ਸਬੰਧੀ ਸਖ਼ਤ ਵਿਵਸਥਾਵਾਂ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਹਰ ਪਿੰਡ ਵਿੱਚ ‘ਮਾਈ ਭਾਗੋ ਫ਼ੌਜ’ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ, ਪੀੜਤ ਪਰਿਵਾਰਾਂ ਦੀ ਮਦਦ ਕਰਨਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਪੁਲਿਸ ਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਹੋਵੇਗਾ।
ਸਿਮਕ ਨੇ ਬੀਬੀ ਬਾਦਲ ਅਤੇ ਰੈਲੀ ਵਿੱਚ ਸ਼ਾਮਲ ਮਹਿਲਾਵਾ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸਿਰਫ਼ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਵਾਂ ਅਤੇ ਧੀਆਂ ਦੀ ਲਲਕਾਰ ਹੈ। ਉਨ੍ਹਾਂ ਪੰਜਾਬ ਵਿੱਚ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਵਿਕਰਮਜੀਤ ਸਿੰਘ ਵਿੱਕੀ ਸੋਹਲ, ਗੁਰਜੀਤ ਸਿੰਘ ਲਹਿਰਾ, ਤੇਜਿੰਦਰ ਸਿੰਘ ਢੋਡੇ, ਦੀਪਾ ਡੇਹਲੋਂ, ਪਰਮਿੰਦਰ ਸਿੰਘ ਰੰਗੀਆਂ, ਹਰਬੰਸ ਸਿੰਘ ਗੋਪਾਲਪੁਰ, ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਬੀਬੀ ਕਿਰਨਜੀਤ ਕੌਰ ਕਾਦੀਆਂ, ਬੀਬੀ ਗੁਰਦੀਪ ਕੌਰ ਜੱਸੋਵਾਲ, ਕਮਲੇਸ਼ ਰਾਣੀ, ਮਨਜੀਤ ਕੌਰ ਖੱਟੜਾ, ਬੀਬੀ ਹਰਪ੍ਰੀਤ ਕੌਰ ਕੈਂਡ ਤੇ ਬਲਜਿੰਦਰ ਕੌਰ ਡੇਹਲੋਂ ਆਦਿ ਹਾਜ਼ਰ ਸਨ।