- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ-ਸਬਜ਼ੀ ਮੰਡੀ ’ਚ ਵੱਧ ਵਸੂਲੀ ਦੇ ਦੋਸ਼, 100 ਦੀ ਪਰਚੀ ਦੇ 300 ਰੁਪਏ ਵਸੂਲਣ ਦੇ ਦਾਅਵੇ

-ਮਾਰਕੀਟ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਚਲਾਏ ਜਾ ਰਹੇ ਠੇਕੇ ’ਤੇ ਉੱਠੇ ਸਵਾਲ, ਸਰਕਾਰੀ ਖ਼ਜ਼ਾਨੇ ਨੂੰ ਮਿਲਣ ਵਾਲੀ ਰਕਮ ਦੀ ਮੰਗੀ ਜਾਂਚ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਪਾਰਕਿੰਗ ਅਤੇ ਰੇੜ੍ਹੀ-ਫੜ੍ਹੀ ਵਾਲਿਆਂ ਤੋਂ ਯੂਜ਼ਰ ਚਾਰਜ ਦੀ ਵਸੂਲੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮਾਰਕੀਟ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਠੇਕਾ ਚਲਾ ਕੇ ਏਜੰਸੀਆਂ ਰਾਹੀਂ ਮੁਲਾਜ਼ਮਾਂ ਤੋਂ ਵਸੂਲੀ ਕਰਵਾਈ ਜਾ ਰਹੀ ਹੈ। ਹੁਣ ਇਸੇ ਪ੍ਰਬੰਧ ਤਹਿਤ ਤੈਅ ਦਰਾਂ ਤੋਂ ਵੱਧ ਪੈਸੇ ਵਸੂਲਣ ਦੇ ਦੋਸ਼ ਲੱਗ ਰਹੇ ਹਨ। ਸਮਾਜ ਸੇਵੀਆਂ ਅਤੇ ਹੋਰ ਲੋਕਾਂ ਵੱਲੋਂ ਕਥਿਤ ਵੱਧ ਵਸੂਲੀ ਸਬੰਧੀ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਮੰਡੀ ਦੀ ਵਸੂਲੀ ਪ੍ਰਣਾਲੀ ’ਤੇ ਸਵਾਲ ਉੱਠਣ ਲੱਗੇ ਹਨ। ਮੰਡੀ ਵਿੱਚ ਆਉਣ ਵਾਲੇ ਆੜ੍ਹਤੀਆਂ, ਵਾਹਨ ਚਾਲਕਾਂ ਅਤੇ ਪਰਚੂਨ ਸਬਜ਼ੀ ਵੇਚਣ ਵਾਲੇ ਫੜ੍ਹੀਧਾਰਕਾਂ ਨੂੰ ਕਥਿਤ ਵੱਧ ਵਸੂਲੀ ਕਾਰਨ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਕੁੱਝ ਲੋਕਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਜਿੱਥੇ 100 ਰੁਪਏ ਦੀ ਪਰਚੀ ਬਣਨੀ ਚਾਹੀਦੀ ਹੈ, ਉੱਥੇ 300 ਰੁਪਏ ਤੱਕ ਵਸੂਲੇ ਜਾ ਰਹੇ ਹਨ। ਇਸੇ ਤਰ੍ਹਾਂ ਪਾਰਕਿੰਗ ਲਈ ਵੀ ਤੈਅ ਦਰਾਂ ਤੋਂ ਦੁੱਗਣੇ ਪੈਸੇ ਲੈਣ ਦੇ ਦੋਸ਼ ਲੱਗ ਰਹੇ ਹਨ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
-ਰੋਜ਼ਾਨਾ ਦੀ ਵਸੂਲੀ ਅਤੇ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਰਕਮ ’ਤੇ ਸਵਾਲ
ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਮੰਡੀ ਵਿੱਚ ਰੋਜ਼ਾਨਾ ਇਕੱਠੀ ਹੋਣ ਵਾਲੀ ਰਕਮ ਅਤੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣ ਵਾਲੀ ਰਕਮ ਦੀ ਜਾਂਚ ਹੋਣੀ ਚਾਹੀਦੀ ਹੈ। ਉਸ ਨੇ ਕੁੱਝ ਆੜ੍ਹਤੀਆਂ ਤੇ ਹੋਰ ਵਿਅਕਤੀਆਂ ਦੀ ਕਥਿਤ ਮਿਲੀਭੁਗਤ ਦੇ ਦੋਸ਼ ਵੀ ਲਾਏ। ਸੂਤਰਾਂ ਅਨੁਸਾਰ ਪਹਿਲਾਂ ਠੇਕੇਦਾਰਾਂ ਵੱਲੋਂ ਰੋਜ਼ਾਨਾ ਕਰੀਬ ਚਾਰ ਲੱਖ ਰੁਪਏ ਜਮ੍ਹਾਂ ਕਰਵਾਏ ਜਾਣ ਦਾ ਦਾਅਵਾ ਕੀਤਾ ਜਾਂਦਾ ਸੀ, ਜਦਕਿ ਮਾਰਕੀਟ ਕਮੇਟੀ ਵੱਲੋਂ ਪਹਿਲਾਂ ਤਿੰਨ ਲੱਖ ਰੁਪਏ ਰੋਜ਼ਾਨਾ ਜਮ੍ਹਾਂ ਕਰਵਾਏ ਜਾਂਦੇ ਸਨ। ਹੁਣ ਇਹ ਰਕਮ ਵਧਾ ਕੇ ਸਾਢੇ ਤਿੰਨ ਲੱਖ ਰੁਪਏ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਮੰਡੀ ਵਿੱਚ ਰੋਜ਼ਾਨਾ ਕੁੱਲ ਕਿੰਨੀ ਵਸੂਲੀ ਹੁੰਦੀ ਹੈ, ਕਿੰਨੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੁੰਦੀ ਹੈ ਅਤੇ ਵਸੂਲੀ ਦੇ ਰਿਕਾਰਡ ਦਾ ਅਸਲ ਅੰਕੜਾ ਕੀ ਹੈ। ਇਨ੍ਹਾਂ ਸਵਾਲਾਂ ਦਾ ਜਵਾਬ ਪਾਰਦਰਸ਼ੀ ਜਾਂਚ ਅਤੇ ਰੋਜ਼ਾਨਾ ਦੇ ਰਿਕਾਰਡ ਦੀ ਪੜਤਾਲ ਨਾਲ ਹੀ ਸਾਹਮਣੇ ਆ ਸਕਦਾ ਹੈ।
-ਸ਼ਿਕਾਇਤ ਮਿਲਣ ’ਤੇ ਕਰਾਂਗੇ ਕਾਰਵਾਈ : ਸਕੱਤਰ
9) ਸਕੱਤਰ ਗੁਰਦੀਪ ਸਿੰਘ ਖੰਗੂੜਾ।
ਇਸ ਸਬੰਧੀ ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਵੱਧ ਵਸੂਲੀ ਦਾ ਕੋਈ ਮਾਮਲਾ ਨਹੀਂ ਆਇਆ ਅਤੇ ਨਾ ਹੀ ਇਸ ਸਬੰਧੀ ਕੋਈ ਸ਼ਿਕਾਇਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਆਪਣੇ ਪੱਧਰ ’ਤੇ ਠੇਕਾ ਚਲਾ ਰਹੀ ਹੈ। ਪਹਿਲਾਂ ਰੋਜ਼ਾਨਾ ਤਿੰਨ ਲੱਖ ਰੁਪਏ ਜਮ੍ਹਾਂ ਹੁੰਦੇ ਸਨ, ਜਦਕਿ ਹੁਣ ਸਾਢੇ ਤਿੰਨ ਲੱਖ ਰੁਪਏ ਜਮ੍ਹਾਂ ਹੋ ਰਹੇ ਹਨ ਅਤੇ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਤੈਅ ਦਰਾਂ ਤੋਂ ਵੱਧ ਵਸੂਲੀ ਕਰ ਰਿਹਾ ਹੈ, ਤਾਂ ਲੋਕ ਇਸ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤੇ ਲਿਖਤੀ ਸ਼ਿਕਾਇਤ ਦੇਣ। ਮਾਮਲਾ ਸਾਹਮਣੇ ਆਉਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਵੱਧ ਵਸੂਲੀ ਦੇ ਦੋਸ਼ਾਂ ਦੀ ਜਾਂਚ ਹੁੰਦੀ ਹੈ ਜਾਂ ਨਹੀਂ ਅਤੇ ਮੰਡੀ ਵਿੱਚ ਵਸੂਲੀ ਦੀ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਕੀ ਕਦਮ ਚੁੱਕੇ ਜਾਂਦੇ ਹਨ।