- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਮਰਸ ਗ੍ਰੈਜੂਏਟ ਚੰਨਪ੍ਰੀਤ ਸਿੰਘ ਵੱਲੋਂ ਨਿਧੀ-ਟੀਬੀਆਈ ਦਾ ਦੌਰਾ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੋੜਕੀ ਕੰਕਰਵਾਲੀ ਦੇ ਵਸਨੀਕ ਤੇ ਕਾਮਰਸ ਗ੍ਰੈਜੂਏਟ ਚੰਨਪ੍ਰੀਤ ਸਿੰਘ ਨੇ ਮਿਲਟ ਆਧਾਰਿਤ ਤਿਆਰ-ਖਾਣਯੋਗ ਸਨੈਕਸ ਦਾ ਕਾਰੋਬਾਰ ਸ਼ੁਰੂ ਕਰਨ ਲਈ ਪੀਏਯੂ ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਤੇ ਨਿਧੀ-ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਤੋਂ ਮਾਰਗਦਰਸ਼ਨ ਤੇ ਸਹਿਯੋਗ ਪ੍ਰਾਪਤ ਕਰਨ ਲਈ ਦੌਰਾ ਕੀਤਾ। ਉਨ੍ਹਾਂ ਪੀਏਯੂ ਦੇ ਅਧਿਕਾਰੀਆਂ ਸਾਹਮਣੇ ਮਿਲਟ ਪਫ਼ਸ ਦੀਆਂ ਤਿੰਨ ਕਿਸਮਾਂ ਪੇਸ਼ ਕੀਤੀਆਂ ਤੇ ਬ੍ਰਾਂਡਿੰਗ, ਪੈਕੇਜਿੰਗ, ਲੇਬਲਿੰਗ ਅਤੇ ਮਾਰਕੀਟਿੰਗ ਸਬੰਧੀ ਸਹਾਇਤਾ ਲੈਣ ਲਈ ਨਿਧੀ-ਟੀਬੀਆਈ ਨਾਲ ਰਜਿਸਟ੍ਰੇਸ਼ਨ ਕਰਵਾਈ। ਇਸ ਮੌਕੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਡਾਇਰੈਕਟਰ ਤੇ ਨਿਧੀ-ਟੀਬੀਆਈ ਦੇ ਪ੍ਰਮੁੱਖ ਜਾਂਚਕਰਤਾ ਡਾ. ਰਮਨਦੀਪ ਸਿੰਘ ਨੇ ਨੌਜਵਾਨ ਸਨਅਤਕਾਰ ਨੂੰ ਸਿਹਤ-ਕੇਂਦਰਿਤ ਬ੍ਰਾਂਡ ਵਿਕਸਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਉਤਪਾਦ ਦੀ ਕੀਮਤ ਨਿਰਧਾਰਤ ਕਰਨ, ਆਕਰਸ਼ਕ ਪੈਕੇਜਿੰਗ ਤੇ ਉਤਪਾਦਾਂ ਦੀਆਂ ਵੱਖ-ਵੱਖ ਕਿਸਮਾਂ ਤਿਆਰ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਨਿਧੀ-ਟੀਬੀਆਈ ਦੀ ਸਹਿ-ਪ੍ਰਮੁੱਖ ਜਾਂਚਕਰਤਾ ਤੇ ਪੀਏਯੂ ਦੀ ਫੂਡ ਟੈਕਨਾਲੋਜਿਸਟ ਡਾ. ਜਗਬੀਰ ਕੌਰ ਨੇ ਉਤਪਾਦ ਦੀ ਗੁਣਵੱਤਾ ਦਾ ਮਿਆਰੀਕਰਨ ਕਰਨ, ਇਸ ਦੀ ਸੰਭਾਲ ਦੀ ਮਿਆਦ ਵਧਾਉਣ, ਪੌਸ਼ਟਿਕ ਤੱਤਾਂ ਸਬੰਧੀ ਸਹੀ ਲੇਬਲਿੰਗ ਕਰਨ ਤੇ ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਦੇ ਨਿਯਮਾਂ ਦੀ ਪਾਲਣਾ ਕਰਨ ਲਈ ਤਕਨੀਕੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਨਿਧੀ-ਟੀਬੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੁਰਿੰਦਰ ਸਿੰਘ ਗਿੱਲ ਤੇ ਬਿਜ਼ਨਸ ਮੈਨੇਜਰ ਸਮੀਰ ਗੌਤਮ ਨੇ ਉਤਪਾਦ ਦੀ ਬ੍ਰਾਂਡਿੰਗ, ਪੈਕੇਜਿੰਗ, ਲੁੜੀਂਦੀ ਰਜਿਸਟ੍ਰੇਸ਼ਨ ਤੇ ਬਾਜ਼ਾਰ ਨਾਲ ਸੰਪਰਕ ਸਥਾਪਤ ਕਰਨ ਲਈ ਉਪਲੱਬਧ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੀਏਯੂ ਦੇ ਸਾਬਕਾ ਵਿਦਿਆਰਥੀ ਤੇ ਉੱਦਮੀ ਗੁਰਿੰਦਰਜੀਤ ਸਿੰਘ ਨੇ ਉਤਪਾਦ ਦੀ ਗੁਣਵੱਤਾ ਬਰਕਰਾਰ ਰੱਖਣ, ਖਪਤਕਾਰਾਂ ਤੋਂ ਫੀਡਬੈਕ ਲੈਣ ਤੇ ਸੋਸ਼ਲ ਮੀਡੀਆ ਰਾਹੀਂ ਉਤਪਾਦ ਦਾ ਪ੍ਰਚਾਰ ਕਰਨ ਦੀ ਮਹੱਤਤਾ ਬਾਰੇ ਦੱਸਿਆ।