- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਰਾਂ ਨੇ ਛਾਤੀ ਦੇ ਕੈਂਸਰ ਬਾਰੇ ਅਹਿਮ ਤੱਥ ਸਾਂਝੇ ਕੀਤੇ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਵਿਸ਼ਵ ਛਾਤੀ ਕੈਂਸਰ ਜਾਗਰੂਕਤਾ ਮਹੀਨੇ ਦੇ ਮੌਕੇ ’ਤੇ ਪਾਰਕ ਹਸਪਤਾਲ ਦੇ ਸੀਨੀਅਰ ਕੈਂਸਰ ਮਾਹਿਰਾਂ ਨੇ ਛਾਤੀ ਦੇ ਕੈਂਸਰ ਨਾਲ ਸਬੰਧਤ ਅਹਿਮ ਤੱਥ ਸਾਂਝੇ ਕੀਤੇ। ਇਸ ਮੌਕੇ ਡਾ. ਸੰਦੀਪ ਕੱਕੜ ਡਾਇਰੈਕਟਰ ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਛਾਤੀ ਦਾ ਕੈਂਸਰ ਔਰਤਾਂ ਵਿੱਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਬਣ ਕੇ ਉਭਰਿਆ ਹੈ। ਦੁਨੀਆ ਭਰ ਵਿੱਚ ਹਰ ਸਾਲ ਲਗਭਗ 21 ਲੱਖ ਔਰਤਾਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹੁੰਦੀਆਂ ਹਨ, ਜਦਕਿ ਭਾਰਤ ਵਿੱਚ ਹਰ ਸਾਲ ਕਰੀਬ 1.90 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਡਾ. (ਬ੍ਰਿਗੇਡੀਅਰ) ਹਰਿੰਦਰ ਪਾਲ ਸਿੰਘ ਡਾਇਰੈਕਟਰ ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਇਹ ਬਿਮਾਰੀ ਹੁਣ ਘੱਟ ਉਮਰ ਦੀਆਂ ਔਰਤਾਂ ਨੂੰ ਵੀ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਛਾਤੀ ਦੇ ਕੈਂਸਰ ਦੇ 60 ਫ਼ੀਸਦੀ ਤੋਂ ਵੱਧ ਮਰੀਜ਼ਾਂ ਵਿੱਚ ਬਿਮਾਰੀ ਦੀ ਪਛਾਣ ਉੱਨਤ ਪੜਾਅ ’ਤੇ ਹੁੰਦੀ ਹੈ। ਇਸ ਦਾ ਮੁੱਖ ਕਾਰਨ ਜਾਂਚ ਦੀ ਘੱਟ ਦਰ ਅਤੇ ਸਮਾਜਿਕ ਝਿਜਕ ਹੈ। ਡਾ. ਵਿਜੇ ਜਾਗੜ ਸੀਨੀਅਰ ਕੰਸਲਟੈਂਟ ਸਰਜੀਕਲ ਓਨਕੋਲੋਜੀ ਨੇ ਕਿਹਾ ਕਿ ਭਾਰਤ ਵਿੱਚ ਔਰਤਾਂ ਨੂੰ ਹੋਣ ਵਾਲੇ ਕੁੱਲ ਕੈਂਸਰਾਂ ਵਿੱਚੋਂ 27 ਫ਼ੀਸਦੀ ਮਾਮਲੇ ਛਾਤੀ ਦੇ ਕੈਂਸਰ ਦੇ ਹਨ। ਛਾਤੀ ਦੀ ਖ਼ੁਦ ਜਾਂਚ ਅਤੇ ਮੈਮੋਗ੍ਰਾਫੀ ਵਰਗੀਆਂ ਸਰਲ ਤਕਨੀਕਾਂ ਰਾਹੀਂ ਬਿਮਾਰੀ ਦਾ ਸ਼ੁਰੂਆਤੀ ਪੜਾਅ ’ਤੇ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਬਾਵਜੂਦ ਸਰਵੇਖਣਾਂ ਮੁਤਾਬਕ 75 ਫ਼ੀਸਦੀ ਭਾਰਤੀ ਔਰਤਾਂ ਜਾਂਚ ਕਰਵਾਉਣ ਤੋਂ ਝਿਜਕਦੀਆਂ ਹਨ। ਡਾ. ਅਮਨ ਕੁਮਾਰ ਵੈਦ ਅਤੇ ਡਾ. ਨਿਤਿਨ ਬਾਲਚੰਦਰ ਕੰਸਲਟੈਂਟ ਰੇਡੀਏਸ਼ਨ ਓਨਕੋਲੋਜੀ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬਿਮਾਰੀ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਹੋਣ ਨਾਲ ਇਲਾਜ ਦੇ ਬਿਹਤਰ ਨਤੀਜੇ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਮੌਕੇ ਪਾਰਕ ਹਸਪਤਾਲ ਦੇ ਗਰੁੱਪ ਸੀਈਓ (ਨੌਰਥ), ਆਸ਼ੀਸ਼ ਚੱਢਾ ਨੇ ਐਲਾਨ ਕੀਤਾ ਕਿ ਹਸਪਤਾਲ ਵਿੱਚ 31 ਅਕਤੂਬਰ ਤੱਕ ਮਰੀਜ਼ਾਂ ਨੂੰ ਮੈਮੋਗ੍ਰਾਫੀ ਜਾਂਚ ਅਤੇ ਪੀਈਟੀ-ਸੀਟੀ ਸਕੈਨ ਉਪਰ ਵੱਡੀ ਛੋਟ ਦਿੱਤੀ ਜਾ ਰਹੀ ਹੈ।