- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਕੈਨੀਕਲ ਥ੍ਰੋਮਬੈਕਟੋਮੀ ਵਿਧੀ ਬ੍ਰੇਨ ਸਟ੍ਰੋਕ ਮਰੀਜ਼ਾਂ ਲਈ ਵਰਦਾਨ - ਡਾ ਸੱਗੜ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਉੱਘੇ ਨਿਊਰੋਸਰਜਨ ਡਾ ਵਿਨੀਤ ਸੱਗੜ ਨੇ ਦੱਸਿਆ ਕਿ ਬ੍ਰੇਨ ਸਟ੍ਰੋਕ ਤੋਂ ਪੀੜਤ ਮਰੀਜ਼ਾਂ ਲਈ ਮਕੈਨੀਕਲ ਥ੍ਰੋਮਬੈਕਟੋਮੀ ਇਲਾਜ ਵਿਧੀ ਵਰਦਾਨ ਹੋ ਸਕਦੀ ਹੈ । ਉਨ੍ਹਾਂ ਦੱਸਿਆ ਕਿ ਇਸ ਆਧੁਨਿਕ ਪ੍ਰਕਿਰਿਆ ਦੀ ਮਦਦ ਨਾਲ ਮਰੀਜ਼ ਨੂੰ ਜਾਨਲੇਵਾ ਨਿਊਰੋਲੋਜੀਕਲ ਐਮਰਜੈਂਸੀ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਪਿਛਲੇ ਦਿਨੀਂ ਦਿਮਾਗੀ ਸਟ੍ਰੋਕ ਤੋਂ ਪੀੜਤ ਇੱਕ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ। ਇਸ ਮੌਕੇ ਮਰੀਜ਼ ਦੇ ਦਿਮਾਗ਼ ਦੀ ਹਾਲਤ ਜਾਂਚਣ ਲਈ ਹੋਰ ਟੈਸਟਾਂ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਉਸ ਦੇ ਦਿਮਾਗ਼ ਦੀ ਐਂਜੀਓਗਰਾਫੀ ਕੀਤੀ ਗਈ, ਜਿਸ ਤੋਂ ਸਪੱਸ਼ਟ ਹੋਇਆ ਕਿ ਦਿਮਾਗ ਨੂੰ ਖੂਨ ਦੀ ਸਪਲਾਈ ਕਰਨ ਵਾਲੀ ਇੱਕ ਮੁੱਖ ਖੂਨ ਦੀ ਨਾੜੀ ਵਿੱਚ ਰੁਕਾਵਟ ਹੈ ,ਜੋ ਸਟ੍ਰੋਕ ਦਾ ਕਾਰਨ ਬਣੀ ਹੈ ।ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਡਾਕਟਰਾਂ ਦੀ ਟੀਮ ਨੇ ਮਕੈਨੀਕਲ ਥ੍ਰੋਮਬੈਕਟੋਮੀ ਕਰਨ ਦਾ ਫੈਸਲਾ ਕੀਤਾ। ਮਕੈਨੀਕਲ ਥ੍ਰੋਮਬੈਕਟਮੀ ਇੱਕ ਅਜਿਹੀ ਇਲਾਜ ਪ੍ਰਕਿਰਿਆ ਹੈ, ਜਿਸ ਰਾਹੀਂ ਇੱਕ ਵਿਸ਼ੇਸ਼ ਯੰਤਰ ਨੂੰ ਖੂਨ ਦੀਆਂ ਨਾੜੀਆਂ ਰਾਹੀਂ ਰੁਕਾਵਟ ਵਾਲੀ ਥਾਂ ਤੱਕ ਪਹੁੰਚਾਇਆ ਜਾਂਦਾ ਹੈ ਅਤੇ ਦਿਮਾਗ ਵਿੱਚ ਖੂਨ ਦੇ ਵਹਾਅ ਨੂੰ ਰੋਕਣ ਵਾਲੇ ਖੂਨ ਦੇ ਥੱਕੇ ਨੂੰ ਬਾਹਰ ਕੱਢਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਵੱਡੀਆਂ ਖੂਨ ਦੀਆਂ ਨਾੜੀਆਂ ਵਿੱਚ ਰੁਕਾਵਟ ਕਾਰਨ ਹੋਣ ਵਾਲੇ ਸਟ੍ਰੋਕ ਤੋਂ ਪ੍ਰਭਾਵਿਤ ਮਰੀਜ਼ ਦੇ ਇਲਾਜ ਵਿੱਚ ਮਕੈਨੀਕਲ ਥ੍ਰੋਮਬੈਕਟੋਮੀ ਇੱਕ ਨਵਾਂ ਮੀਲ ਪੱਥਰ ਸਾਬਤ ਹੋ ਰਿਹਾ ਹੈ।