- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਕਮਿਊਨਿਟੀ ਹਾਲ ਦਾ ਉਦਘਾਟਨ

-ਕਿਹਾ, ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ
ਰਵੀ ਭਾਟੀਆ, ਪੰਜਾਬੀ ਜਾਗਰਣ, ਸਾਹਨੇਵਾਲ/ ਲੁਧਿਆਣਾ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਦੇ ਪਿੰਡ ਕਨੀਜਾ ਵਿਖੇ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਗਏ ਕਮਿਊਨਿਟੀ ਹਾਲ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਸ਼ਹਿਰਾਂ ਵਰਗੀਆਂ ਸਹੂਲਤਾਂ ਪਿੰਡਾਂ ਵਿੱਚ ਮੁਹੱਈਆ ਕਰਵਾਉਣ ਲਈ ਨਿਰੰਤਰ ਕਾਰਜਸ਼ੀਲ ਹੈ। ਪਿੰਡ ਕਨੀਜਾ ਵਿਖੇ ਬਣਾਇਆ। ਇਹ ਕਮਿਊਨਿਟੀ ਹਾਲ ਪਿੰਡ ਦੀ ਇਕ ਵੱਡੀ ਲੋੜ ਸੀ, ਜਿਸ 'ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਨਵੇਂ ਕਮਿਊਨਿਟੀ ਹਾਲ ਦੇ ਬਣਨ ਨਾਲ ਹੁਣ ਪਿੰਡ ਵਾਸੀਆਂ ਨੂੰ ਆਪਣੇ ਸਾਂਝੇ ਇਕੱਠ, ਪੰਚਾਇਤ ਦੀਆਂ ਮੀਟਿੰਗਾਂ ਤੇ ਹੋਰ ਪ੍ਰੋਗਰਾਮ ਉਲੀਕਣ ਲਈ ਇਕ ਬਿਹਤਰ ਅਤੇ ਸੁਵਿਧਾਜਨਕ ਸਥਾਨ ਮਿਲ ਗਿਆ ਹੈ। ਸਾਡਾ ਉਦੇਸ਼ ਹਰ ਪਿੰਡ ਤੱਕ ਵਿਕਾਸ ਦੀਆਂ ਗ੍ਰਾਂਟਾਂ ਬਿਨ੍ਹਾਂ ਕਿਸੇ ਪੱਖਪਾਤ ਦੇ ਪਹੁੰਚਾਉਣਾ ਹੈ। ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਹਲਕੇ ਦੇ ਕਿਸੇ ਵੀ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪੰਚਾਇਤ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਪਾਰਦਰਸ਼ੀ ਢੰਗ ਨਾਲ ਅਤੇ ਸਮੇਂ ਸਿਰ ਨੇਪਰੇ ਚਾੜ੍ਹਨ।
ਇਸ ਮੌਕੇ ਮੁੰਡੀਆਂ ਨੇ ਪਿੰਡ ਕਨੀਜਾ ਦੀ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਪਿੰਡ ਦੇ ਪਤਵੰਤਿਆਂ ਤੇ ਪੰਚਾਇਤ ਨੇ ਹਰਦੀਪ ਸਿੰਘ ਮੁੰਡੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਆਧੁਨਿਕ ਇਮਾਰਤ ਦੀ ਸਖ਼ਤ ਲੋੜ ਸੀ, ਜੋ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡ ਦੀ ਤਰੱਕੀ ਲਈ ਉਹ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ। ਇਸ ਉਦਘਾਟਨੀ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀ, ਗ੍ਰਾਮ ਪੰਚਾਇਤ ਕਨੀਜ਼ਾਂ ਦੇ ਸਰਪੰਚ ਤੇ ਪੰਚਾਇਤ ਮੈਂਬਰ, ਸਥਾਨਕ 'ਆਪ' ਆਗੂ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।