- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਵਿੱਚ ਵੱਡੇ ਬਿਜਲੀ ਡਿਫਾਲਟਰਾਂ ਵੱਲ 219 ਕਰੋੜ ਰੁਪਏ ਬਕਾਇਆ, ਵਸੂਲੀ ’ਤੇ ਉੱਠੇ ਸਵਾਲ

ਸੁਰੇਸ਼ ਕੁਮਾਰ,ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ’ਚ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਦੀ ਵਸੂਲੀ ਨੂੰ ਲੈ ਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੀ ਕਾਰਗੁਜ਼ਾਰੀ ਚਰਚਾ ਵਿੱਚ ਹੈ। ਵਿਭਾਗ ਵੱਲੋਂ ਵੱਖ-ਵੱਖ ਡਿਵੀਜ਼ਨਾਂ ਅਧੀਨ ਬਕਾਇਆ ਬਿਜਲੀ ਬਿੱਲਾਂ ਦੀ ਵਸੂਲੀ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਕਰੀਬ 219 ਕਰੋੜ ਦੀ ਰਕਮ ਅਜੇ ਵੀ ਵਸੂਲਨੀ ਬਾਕੀ ਹੈ। ਇੰਨੀ ਵੱਡੀ ਰਕਮ ਬਕਾਇਆ ਰਹਿਣ ਕਾਰਨ ਵਿਭਾਗ ਦੀ ਵਸੂਲੀ ਮੁਹਿੰਮ ਤੇ ਵੱਡੇ ਬਕਾਏਦਾਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਸਵਾਲ ਉੱਠਣੇ ਸੁਭਾਵਿਕ ਹਨ। ਪੀਐੱਸਪੀਸੀਐੱਲ ਲੁਧਿਆਣਾ ਕੇਂਦਰੀ ਦੇ ਚੀਫ਼ ਜਗਦੇਵ ਸਿੰਘ ਹਾਂਸ ਅਨੁਸਾਰ ਵਿਭਾਗ ਵੱਲੋਂ ਕਰੀਬ 490 ਕਰੋੜ ਰੁਪਏ ਦੀ ਬਕਾਇਆ ਰਕਮ ਵਿੱਚੋਂ 271 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ, ਜਦਕਿ ਬਾਕੀ ਰਕਮ ਵੀ ਜਲਦ ਵਸੂਲਣ ਲਈ ਯਤਨ ਜਾਰੀ ਹਨ। ਹਾਲਾਂਕਿ ਅੰਕੜਿਆਂ ਮੁਤਾਬਕ 219 ਕਰੋੜ ਰੁਪਏ ਦੀ ਵੱਡੀ ਰਕਮ ਅਜੇ ਵੀ ਵਸੂਲੀ ਦੀ ਉਡੀਕ ’ਚ ਹੈ। ਜ਼ਿਕਰਯੋਗ ਹੈ ਕਿ ਬਿਜਲੀ ਵਿਭਾਗ ਵੱਲੋਂ ਆਮ ਖਪਤਕਾਰਾਂ ਦੇ ਬਿੱਲ ਬਕਾਇਆ ਹੋਣ ’ਤੇ ਕੁਨੈਕਸ਼ਨ ਕੱਟਣ ਸਮੇਤ ਹੋਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਅਜਿਹੇ ਵਿੱਚ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਵੱਡੀ ਰਕਮ ਦੇ ਬਕਾਏਦਾਰਾਂ ਤੋਂ ਵਸੂਲੀ ਦੇ ਮਾਮਲੇ ’ਚ ਵੀ ਨਿਯਮਾਂ ਦੀ ਬਰਾਬਰ ਪਾਲਣਾ ਹੋਵੇ। ਕਰੋੜਾਂ ਰੁਪਏ ਦੇ ਬਕਾਏ ਦੀ ਵਸੂਲੀ ’ਚ ਦੇਰੀ ਵਿਭਾਗ ਦੀ ਆਮਦਨ ਤੇ ਵਿੱਤੀ ਪ੍ਰਬੰਧਨ ਸਬੰਧੀ ਚਿੰਤਾਵਾਂ ਨੂੰ ਵੀ ਉਜਾਗਰ ਕਰਦੀ ਹੈ। ਹੁਣ ਮੁੱਖ ਸਵਾਲ ਇਹ ਹੈ ਕਿ ਬਾਕੀ ਰਹਿੰਦੀ 219 ਕਰੋੜ ਰੁਪਏ ਦੀ ਰਕਮ ਵਿੱਚੋਂ ਕਿੰਨੀ ਰਕਮ ਵੱਡੇ ਡਿਫਾਲਟਰਾਂ ਵੱਲ ਬਕਾਇਆ ਹੈ, ਉਨ੍ਹਾਂ ਦੀ ਪਛਾਣ ਕਰਕੇ ਵਸੂਲੀ ਲਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵਿਭਾਗ ਵੱਲੋਂ ਤੈਅ ਕੀਤੇ ਟੀਚੇ ਨੂੰ ਕਿੰਨੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਦੀ ਨਜ਼ਰ ਹੁਣ ਪੀਐੱਸਪੀਸੀਐੱਲ ਦੇ ਉੱਚ ਅਧਿਕਾਰੀਆਂ ਦੀ ਕਾਰਵਾਈ ’ਤੇ ਟਿਕੀ ਹੋਈ ਹੈ।