- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਸਟਮੈਨ ਚੌਕ ਨੇੜੇ ਫੈਕਟਰੀ ’ਚ ਭਿਆਨਕ ਅੱਗ, ਪੰਜ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਪਾਇਆ ਕਾਬੂ

-ਅੱਗ ਲੱਗਣ ਉਪਰੰਤ ਪੁੱਜੀਆਂ ਅੱਗ ਬੁਝਾਊ ਗੱਡੀਆਂ, ਦੁਪਹਿਰ ਤੱਕ ਅੱਗ ਬੁਝਾਉਣ ’ਚ ਰੁੱਝੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਸ਼ਹਿਰ ਦੇ ਉਦਯੋਗਿਕ ਇਲਾਕੇ ’ਚ ਈਸਟਮੈਨ ਚੌਕ ਨੇੜੇ ਜਸਪਾਲ ਬਾਂਗੜ ਸਥਿਤ ਇਕ ਫੈਕਟਰੀ ’ਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਇਲਾਕੇ ’ਚ ਹਲਚਲ ਮਚ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਅੱਗ ਬੁਝਾਉਣ ਲਈ ਮੋਰਚਾ ਸੰਭਾਲਿਆ। ਅੱਗ ਦੀ ਤੀਬਰਤਾ ਨੂੰ ਦੇਖਦਿਆਂ ਇਕ ਤੋਂ ਬਾਅਦ ਇਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜਦੀਆਂ ਰਹੀਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਕਰੀਬ 5 ਘੰਟਿਆਂ ਦੀ ਲਗਾਤਾਰ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਸਵੇਰੇ ਵਾਪਰੀ, ਜਿਸ ਸਬੰਧੀ ਫਾਇਰ ਬ੍ਰਿਗੇਡ ਨੂੰ ਕਰੀਬ ਸਵੇਰੇ 7:30 ਵਜੇ ਸੂਚਨਾ ਮਿਲੀ। ਇਸ ਤੋਂ ਬਾਅਦ ਫਾਇਰ ਅਫਸਰ ਰਾਜਨ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰਵਾਈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਮੌਕੇ ’ਤੇ ਪਹੁੰਚਦੀਆਂ ਰਹੀਆਂ। ਟੀਮਾਂ ਨੇ ਸਾਂਝੇ ਤੌਰ ’ਤੇ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਆਖ਼ਰ ਦੁਪਹਿਰ ਕਰੀਬ ਇੱਕ ਵਜੇ ਅੱਗ ਬੁਝਾਉਣ ’ਚ ਸਫਲਤਾ ਹਾਸਲ ਕੀਤੀ।
-ਸਾਈਕਲਾਂ ਦੇ ਪੁਰਜ਼ਿਆਂ ਲਈ ਵਰਤਿਆ ਜਾਂਦਾ ਹੈ ਰਬੜ ਤੇ ਪਲਾਸਟਿਕ ਦਾ ਸਾਮਾਨ
ਜਾਣਕਾਰੀ ਅਨੁਸਾਰ ਫੈਕਟਰੀ ਇੱਕ ਮੰਜ਼ਿਲਾ ਇਮਾਰਤ ਵਿੱਚ ਸਥਿਤ ਹੈ। ਇੱਥੇ ਰਬੜ ਤੇ ਪਲਾਸਟਿਕ ਦਾ ਉਹ ਸਾਮਾਨ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਵਰਤੋਂ ਸਾਈਕਲਾਂ ਦੇ ਪੁਰਜ਼ੇ ਬਣਾਉਣ ਲਈ ਕੀਤੀ ਜਾਂਦੀ ਹੈ। ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਲਈ ਲੰਬੀ ਜੱਦੋਜਹਿਦ ਕੀਤੀ। ਕਰੀਬ ਪੰਜ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
-ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋਣੀ ਬਾਕੀ
ਫੈਕਟਰੀ ਵਿੱਚ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਹਾਲੇ ਕੋਈ ਪੁਸ਼ਟੀ ਕੀਤੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਅੱਗ ਕਿਹੜੇ ਕਾਰਨਾਂ ਕਰਕੇ ਲੱਗੀ। ਇਸ ਦੇ ਨਾਲ ਹੀ ਫੈਕਟਰੀ ਵਿੱਚ ਪਏ ਸਾਮਾਨ ਅਤੇ ਮਸ਼ੀਨਰੀ ਨੂੰ ਹੋਏ ਮਾਲੀ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਣਾ ਵੀ ਬਾਕੀ ਹੈ।
-ਮਾਲ ਤੇ ਮਸ਼ੀਨਰੀ ਸੜ ਕੇ ਸੁਆਹ
ਜਾਣਕਾਰੀ ਮਿਲਦੇ ਹੀ ਬੰਸਲ ਫੈਕਟਰੀ ਦੇ ਮਾਲਕ ਵਿਕਾਸ ਬੰਸਲ ਮੌਕੇ ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਇਕ ਮੰਜ਼ਿਲ ਵਿੱਚ ਬਣੀ ਸਾਰੀ ਫੈਕਟਰੀ ਪੂਰੀ ਤਰਹਾਂ ਸੜ ਚੁੱਕੀ ਸੀ। ਫੈਕਟਰੀ ਦੇ ਮੈਨੇਜਰ ਹਰੀ ਓਮ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ ਮਸ਼ੀਨਰੀ ਤੇ ਮਾਲ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਰਟ ਸਰਕਟ ਦੇ ਚਲਦੇ ਵਾਪਰਿਆ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੇ ਪੁਲਿਸ ਪਾਰਟੀ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ’ਚ ਰੁੱਝੀ ਹੋਈ ਹੈ।