- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੁੱਪ ਨਿਕਲਦਿਆਂ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਪਰਤੀ ਰੌਣਕ

-ਮੀਂਹ ’ਚ ਭਿੱਜੀ ਝੋਨੇ ਦੀ ਫ਼ਸਲ ਸੁਕਾਉਣ ਲਈ ਖਿਲਾਰੀ
-ਕਿਸਾਨਾਂ ਨੇ ਮੰਡੀ ’ਚ ਫ਼ਸਲ ਤੇ ਬੋਰੀਆਂ ਧੁੱਪੇ ਸੁੱਕਣ ਲਈ ਪਾਈਆਂ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਬੀਤੇ ਦਿਨ ਮੌਸਮ ਦੇ ਅਚਾਨਕ ਬਦਲੇ ਮਿਜ਼ਾਜ ਅਤੇ ਮੀਂਹ ਨੇ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। ਮੀਂਹ ਕਾਰਨ ਜਿੱਥੇ ਖੁੱਲ੍ਹੇ ਵਿੱਚ ਪਈ ਝੋਨੇ ਦੀ ਫ਼ਸਲ ਭਿੱਜ ਗਈ, ਉੱਥੇ ਹੀ ਬੋਰੀਆਂ ਵਿੱਚ ਭਰਿਆ ਝੋਨਾ ਵੀ ਨਮੀ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਸੰਭਾਲ ਅਤੇ ਸੁਕਾਉਣ ਦੀ ਚਿੰਤਾ ਸਤਾਉਣ ਲੱਗੀ ਸੀ। ਹਾਲਾਂਕਿ, ਸੋਮਵਾਰ ਨੂੰ ਮੌਸਮ ਸਾਫ਼ ਹੋਣ ਤੇ ਧੁੱਪ ਨਿਕਲਣ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਧੁੱਪ ਚੜ੍ਹਦਿਆਂ ਹੀ ਮੰਡੀ ਵਿੱਚ ਕਿਸਾਨ ਆਪਣੀ ਭਿੱਜੀ ਹੋਈ ਫ਼ਸਲ ਅਤੇ ਬੋਰੀਆਂ ਨੂੰ ਸੁਕਾਉਣ ਲਈ ਖੁੱਲ੍ਹੇ ’ਚ ਖਿਲਾਰਦੇ ਨਜ਼ਰ ਆਏ। ਕਈ ਕਿਸਾਨਾਂ ਦੇ ਚਿਹਰਿਆਂ ’ਤੇ ਰਾਹਤ ਤੇ ਮੁਸਕਾਨ ਦੇਖਣ ਨੂੰ ਮਿਲੀ, ਕਿਉਂਕਿ ਧੁੱਪ ਨਿਕਲਣ ਨਾਲ ਫ਼ਸਲ ਨੂੰ ਹੋਰ ਖ਼ਰਾਬ ਹੋਣ ਤੋਂ ਬਚਾਉਣ ਦੀ ਆਸ ਜਾਗੀ ਹੈ। ਮੰਡੀ ਵਿੱਚ ਕਿਸਾਨਾਂ ਲਈ ਇਹ ਧੁੱਪ ਕਿਸੇ ਰਾਹਤ ਤੋਂ ਘੱਟ ਨਹੀਂ ਸੀ। ਕਿਸਾਨਾਂ ਨੇ ਫ਼ਸਲ ਨੂੰ ਧਿਆਨ ਨਾਲ ਖਿਲਾਰ ਕੇ ਸੁਕਾਉਣਾ ਸ਼ੁਰੂ ਕਰ ਦਿੱਤਾ, ਤਾਂ ਜੋ ਝੋਨੇ ਵਿੱਚੋਂ ਨਮੀ ਘੱਟ ਹੋ ਸਕੇ ਅਤੇ ਖ਼ਰੀਦ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ਤਿਆਰ ਕਰਨ ਲਈ ਉਹ ਕਈ ਮਹੀਨਿਆਂ ਤੱਕ ਮਿਹਨਤ ਕਰਦੇ ਹਨ। ਅਜਿਹੇ ’ਚ ਵਾਢੀ ਤੋਂ ਬਾਅਦ ਮੀਂਹ ਪੈਣ ਨਾਲ ਉਨ੍ਹਾਂ ਦੀ ਚਿੰਤਾ ਵਧ ਜਾਂਦੀ ਹੈ, ਕਿਉਂਕਿ ਫ਼ਸਲ ਨੂੰ ਸੁਕਾਉਣ, ਸੰਭਾਲਣ ਤੇ ਵੇਚਣ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।
-ਬਾਕਸ-
-ਰੱਬ ਅੱਗੇ ਹੱਥ ਜੋੜ ਕੇ ਕਿਸਾਨ ਦੀ ਅਰਦਾਸ, ‘ਹੇ ਮਾਲਕਾ! ਕੁਝ ਦਿਨ ਹੋਰ ਮੀਂਹ ਨਾ ਪਾਈਂ’
ਮੰਡੀ ਵਿੱਚ ਧੁੱਪ ਨਿਕਲਣ ਮਗਰੋਂ ਜਿੱਥੇ ਕਿਸਾਨ ਆਪਣੀ ਫ਼ਸਲ ਅਤੇ ਬੋਰੀਆਂ ਸੁਕਾਉਣ ਵਿੱਚ ਰੁੱਝੇ ਹੋਏ ਸਨ, ਉੱਥੇ ਹੀ ਪਿੰਡ ਜਮਾਲਪੁਰ ਲਿਲੀ ਦੇ ਇੱਕ ਕਿਸਾਨ ਬਲਬੀਰ ਸਿੰਘ ਨੇ ਰੱਬ ਅੱਗੇ ਕੀਤੀ ਜਾ ਰਹੀ ਅਰਦਾਸ ਕਿਸਾਨਾਂ ਦੀ ਮੌਜੂਦਾ ਹਾਲਤ ਨੂੰ ਬਿਆਨ ਕਰਦੀ ਨਜ਼ਰ ਆਈ। ਕਿਸਾਨ ਨੇ ਅਸਮਾਨ ਵੱਲ ਮੂੰਹ ਕਰਕੇ ਹੱਥ ਜੋੜਦਿਆਂ ਰੱਬ ਅੱਗੇ ਅਰਦਾਸ ਕੀਤੀ ਕਿ ਹੇ ਮਾਲਕਾ, ਅਜੇ ਕੁਝ ਦਿਨ ਮੀਂਹ ਨਾ ਪਾਈਂ, ਤਾਂ ਜੋ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਹੋਈ ਫ਼ਸਲ ਸੁੱਕ ਸਕੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਦੀ ਇਸ ਅਰਦਾਸ ਵਿੱਚ ਸਿਰਫ਼ ਉਸ ਦੀ ਆਪਣੀ ਫ਼ਸਲ ਦੀ ਚਿੰਤਾ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਕਿਸਾਨਾਂ ਦਾ ਦਰਦ ਝਲਕਦਾ ਹੈ, ਜਿਨ੍ਹਾਂ ਦੀ ਸਾਲ ਭਰ ਦੀ ਮਿਹਨਤ ਮੌਸਮ ਦੇ ਇੱਕ ਝਟਕੇ ਨਾਲ ਪ੍ਰਭਾਵਿਤ ਹੋ ਸਕਦੀ ਹੈ। ਕਿਸਾਨਾਂ ਲਈ ਹੁਣ ਕੁਝ ਦਿਨਾਂ ਦੀ ਲਗਾਤਾਰ ਧੁੱਪ ਬੇਹੱਦ ਅਹਿਮ ਹੈ, ਤਾਂ ਜੋ ਉਹ ਆਪਣੀ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਸੰਭਾਲ ਸਕਣ ਅਤੇ ਮੰਡੀਆਂ ਵਿੱਚ ਖ਼ਰੀਦ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਅੱਗੇ ਵਧ ਸਕੇ।
-ਬਾਕਸ-
-ਮੀਂਹ ਤੋਂ ਬਾਅਦ ਧੁੱਪ ਨਿਕਲਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ - ਪ੍ਰਧਾਨ ਮਨਜੀਤ ਸਿੰਘ ਢਿੱਲੋਂ
ਪੱਤਰਕਾਰਾਂ ਨੂੰ ਜਾਣਕਾਰੀ ਦੇਂਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਧੁੱਪ ਨਿਕਲਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ। ਹੁਣ ਕਿਸਾਨ ਆਪਣੀ ਭਿੱਜੀ ਹੋਈ ਫ਼ਸਲ ਅਤੇ ਬੋਰੀਆਂ ਨੂੰ ਸੁਕਾਉਣ ਵਿੱਚ ਲੱਗੇ ਹੋਏ ਹਨ। ਜੇਕਰ ਮੌਸਮ ਸਾਫ਼ ਰਹਿੰਦਾ ਹੈ ਤੇ ਭਵਿੱਖ ’ਚ ਧੁੱਪ ਨਿਕਲਦੀ ਰਹਿੰਦੀ ਹੈ ਤਾਂ ਫ਼ਸਲ ਵਿੱਚੋਂ ਨਮੀ ਘਟਾਉਣ ਅਤੇ ਉਸ ਨੂੰ ਸੰਭਾਲਣ ਵਿੱਚ ਮਦਦ ਮਿਲੇਗੀ। ਕਿਸਾਨਾਂ ਲਈ ਇਹ ਜ਼ਰੂਰੀ ਹੈ ਕਿ ਮੌਸਮ ਕੁਝ ਦਿਨ ਹੋਰ ਸਾਥ ਦੇਵੇ, ਤਾਂ ਜੋ ਮੀਂਹ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਤੋਂ ਉਭਰਿਆ ਜਾ ਸਕੇ ਤੇ ਫ਼ਸਲ ਦੀ ਖ਼ਰੀਦ ਪ੍ਰਭਾਵਿਤ ਨਾ ਹੋਵੇ।