- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੀਆਂ 518 ਗਊਸ਼ਾਲਾਵਾਂ ਦੇ 100 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲ ਮੁਆਫ਼-ਕੀਮਤੀ ਭਗਤ

-ਗਊਸ਼ਾਲਾਵਾਂ ਨੂੰ 3.06 ਕਰੋੜ ਦੇ ਦਿੱਤੇ ਕਊ ਲਿਫਟਰ
-ਹਰ ਗਊਧਨ ਲਈ 61 ਰੁਪਏ ਰੋਜ਼ਾਨਾ ਦੇਣ ਦੀ ਪ੍ਰਕਿਰਿਆ ਜਾਰੀ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 518 ਸਰਕਾਰੀ ਅਤੇ ਨਿੱਜੀ ਗਊਸ਼ਾਲਾਵਾਂ ਦੇ 100 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲ ਮੁਆਫ਼ ਕੀਤੇ ਹਨ। ਇਸ ਤੋਂ ਇਲਾਵਾ ਕਰੀਬ 500 ਗਊਸ਼ਾਲਾਵਾਂ ਨੂੰ 3.06 ਕਰੋੜ ਰੁਪਏ ਦੀ ਲਾਗਤ ਨਾਲ ਕਊ ਲਿਫਟਰ ਮੁਹੱਈਆ ਕਰਵਾਏ ਗਏ ਹਨ। ਇਹ ਜਾਣਕਾਰੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਬੱਚਤ ਭਵਨ ਲੁਧਿਆਣਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਦਿੱਤੀ।
ਕੀਮਤੀ ਭਗਤ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਲਾਵਾਰਿਸ ਤੇ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ, ਸੁਰੱਖਿਆ ਤੇ ਗਊਸ਼ਾਲਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਜਾਰੀ ਹਨ। ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਹੋਣ ਨਾਲ ਉਨ੍ਹਾਂ ਦਾ ਵਿੱਤੀ ਬੋਝ ਘਟੇਗਾ ਤੇ ਉਹ ਉਪਲੱਬਧ ਸਰੋਤਾਂ ਦੀ ਵਰਤੋਂ ਗਊਧਨ ਦੀ ਬਿਹਤਰ ਦੇਖਭਾਲ ਕਰ ਸਕਣਗੀਆਂ। ਗਊਸ਼ਾਲਾਵਾਂ ਨੂੰ ਦਿੱਤੇ ਗਏ ਕਊ ਲਿਫਟਰ ਜ਼ਖ਼ਮੀ ਤੇ ਬਿਮਾਰ ਗਊਧਨ ਨੂੰ ਸੁਰੱਖਿਅਤ ਢੰਗ ਨਾਲ ਚੁੱਕ ਕੇ ਇਲਾਜ ਲਈ ਲਿਜਾਣ ਤੇ ਗਊਸ਼ਾਲਾਵਾਂ ਤੱਕ ਪਹੁੰਚਾਉਣ ’ਚ ਮਦਦਗਾਰ ਹੋਣਗੇ। ਉਨ੍ਹਾਂ ਨਿੱਜੀ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਰਕਾਰ ਨਾਲ ਮਿਲ ਕੇ ਲਾਵਾਰਿਸ ਗਊਧਨ ਦੀ ਸਾਂਭ-ਸੰਭਾਲ ਲਈ ਹੋਰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਕੀਮਤੀ ਭਗਤ ਨੇ ਦੱਸਿਆ ਕਿ ਗਊਸ਼ਾਲਾਵਾਂ ਵਿਚ ਰੱਖੇ ਹਰ ਗਊਧਨ ਦੀ ਸਾਂਭ-ਸੰਭਾਲ ਲਈ 61 ਰੁਪਏ ਪ੍ਰਤੀ ਦਿਨ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਇਸ ਨੂੰ ਲਾਗੂ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿਛਲੇ ਸਮੇਂ ਦੌਰਾਨ ਇਕੱਠੇ ਹੋਏ ਗਊ ਸੇਵਾ ਸੈੱਸ ਦੀ ਸਾਰੀ ਰਕਮ ਗਊਧਨ ਦੀ ਸੇਵਾ, ਸਾਂਭ-ਸੰਭਾਲ ਤੇ ਸੁਰੱਖਿਆ ’ਤੇ ਹੀ ਖਰਚਣੀ ਯਕੀਨੀ ਬਣਾਈ ਜਾਵੇ। ਸੜਕਾਂ ’ਤੇ ਘੁੰਮ ਰਹੇ ਲਾਵਾਰਿਸ ਤੇ ਬੇਸਹਾਰਾ ਗਊਧਨ ਨੂੰ ਜਲਦ ਤੋਂ ਜਲਦ ਗਊਸ਼ਾਲਾਵਾਂ ’ਚ ਪਹੁੰਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਗਊਧਨ ਦੀ ਸਿਹਤ ਸੰਭਾਲ, ਟੀਕਾਕਰਨ ਤੇ ਬਿਮਾਰੀਆਂ ਦੀ ਰੋਕਥਾਮ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੇ ਪਸ਼ੂ ਪਾਲਣ ਵਿਭਾਗ ਦੇ ਮਾਹਰ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਮੀਟਿੰਗ ’ਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ, ਏਡੀਸੀ (ਪੇਂਡੂ ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਨਿਗਮ ਲੁਧਿਆਣਾ ਦੇ ਓਐੱਸਡੀ ਪਿਊਸ਼ਾ ਗਡਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਦੀਪਕ ਜਾਂਗੜਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
-20 ਗਊਸ਼ਾਲਾਵਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵੰਡੇ
ਮੀਟਿੰਗ ਦੌਰਾਨ ਲੁਧਿਆਣਾ ਜ਼ਿਲ੍ਹੇ ਦੀਆਂ ਕੁੱਲ 44 ਗਊਸ਼ਾਲਾਵਾਂ ਵਿੱਚੋਂ 20 ਨੂੰ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਰਜਿਸਟਰੇਸ਼ਨ ਸਰਟੀਫਿਕੇਟ ਵੀ ਵੰਡੇ। ਕੀਮਤੀ ਭਗਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ, ਗਊਸ਼ਾਲਾ ਪ੍ਰਬੰਧਕਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲਾਵਾਰਿਸ ਤੇ ਬੇਸਹਾਰਾ ਗਊਧਨ ਦੀ ਸਮੱਸਿਆ ਦੇ ਸਥਾਈ ਹੱਲ ਲਈ ਸਾਂਝੇ ਤੌਰ ’ਤੇ ਯੋਗਦਾਨ ਪਾਇਆ ਜਾਵੇ।